ਖੰਨਾ, 18 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਐਸ. ਐਮ. ਓ. ਡਾ. ਮਨਿੰਦਰ ਭਸੀਨ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮ ਮੌਕੇ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸਮਾਗਮ ਵਿਚ ਪੰਜਾਬ ਸਰਕਾਰ ਵਲੋਂ ਲਾਈਆਂ ਡਿਊਟੀਆਂ ਅਨੁਸਾਰ ਖੰਨਾ ਦੇ ਮੈਡੀਕਲ ਅਫ਼ਸਰ ਡਾ. ਰਾਘਵ ਅਗਰਵਾਲ ਅਤੇ ਸਮਰਾਲਾ ਦੇ ਮੈਡੀਕਲ ਅਫ਼ਸਰ ਪ੍ਰਭਜੋਤ ਸਿੰਘ, ਡਾ. ਇੰਦਰਪ੍ਰੀਤ ਸਿੰਘ ਖੰਨਾ ਦੇ ਨਾਲ ਦੋ ਐਂਬੂਲੈਂਸਾਂ ਰਵਾਨਾ ਕੀਤੀਆਂ | ਇਨ੍ਹਾਂ ਐਂਬੂਲੈਂਸਾਂ ਨੂੰ ਰਵਾਨਾ ਕਰਨ ਸਮੇਂ ਐਸ. ਐਮ. ਓ. ਭਸੀਨ ਨੇ ਹਰੀ ਝੰਡੀ ਦਿਖਾਈ | ਇਸ ਮੌਕੇ ਭਸੀਨ ਨੇ ਕਿਹਾ ਕਿ ਖੰਨਾ ਤੇ ਸਮਰਾਲਾ ਦੇ ਡਾਕਟਰ ਲੋਕਾਂ ਦੀ ਸੇਵਾ ਲਈ ਹਰ ਵਕਤ ਸਜੱਗ ਅਤੇ ਤਿਆਰ ਹਨ | ਉਨ੍ਹਾਂ ਕਿਹਾ ਕਿ ਇਹ ਮੌਕਾ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਮੌਕਾ ਹੈ | ਕਿਉਂ ਕਿ ਇਕ ਪਾਸੇ ਤਾਂ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਦੂਜੇ ਪਾਸੇ ਧਰਮ ਦੀ ਸੇਵਾ ਵੀ ਕਰ ਰਹੇ ਹਾਂ | ਇਸ ਮੌਕੇ ਡਾ. ਹਰਜੋਤ ਸਿੰਘ, ਡਾ. ਜਗਜੀਤ ਬਰਾੜ, ਡਾ. ਸ਼ਾਇਨੀ ਅਗਰਵਾਲ ਅਤੇ ਹਸਪਤਾਲ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ |