ਸਮਰਾਲਾ, 18 ਨਵੰਬਰ (ਗੋਪਾਲ ਸੋਫਤ)- ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਮੀਤ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ | ਇਕੱਤਰਤਾ ਦੇ ਆਰੰਭ ਵਿਚ ਉੱਘੀ ਸਾਹਿਤਕਾਰਾਂ ਚੰਦਨ ਨੇਗੀ ਅਤੇ ਗੀਤਕਾਰ ਨਿੰਮਾ ਲੋਹਾਰਕਾ ਦੇ ਸਦੀਵੀ ਵਿਛੋੜੇ 'ਤੇ ਗਹਿਰਾ ਸੋਗ ਪ੍ਰਗਟ ਕੀਤਾ ਗਿਆ | ਉਪਰੰਤ ਜਨਰਲ ਸਕੱਤਰ ਯਤਿੰਦਰ ਕੌਰ ਮਾਹਲ ਨੇ ਕਾਰਵਾਈ ਆਰੰਭ ਕਰਦੇ ਹੋਏ ਰਚਨਾਵਾਂ ਦੇ ਦੌਰ ਵਿਚ ਪਹਿਲਾ ਸੱਦਾ ਉੱਘੇ ਗ਼ਜ਼ਲਗੋ ਅਤੇ ਕਹਾਣੀਕਾਰ ਲਾਲੀ ਕਰਤਾਰਪੁਰੀ ਨੂੰ ਦਿੱਤਾ, ਜਿਨ੍ਹਾਂ ਨੇ ਗ਼ਜ਼ਲ 'ਮੇਰੇ ਜੋ ਅਕਸ ਨੇ ਗੁੰਮੇ ਤੇਰੇ 'ਚੋ ਭਾਲ ਲੀਤੇ ਨੇ', ਬਲਬੀਰ ਕੁਮਾਰ (ਨਵਾਂ ਸ਼ਹਿਰ) ਨੇ ਕਵਿਤਾ 'ਮੈਂ ਪ੍ਰੇਸ਼ਾਨ ਹਾਂ ਦੁਖੀ ਨਹੀਂ ਹਾਂ, ਤੁਸੀਂ ਇਹ ਨਾ ਸਮਝੋ ਮੈਂ ਸੁਖੀ ਨਹੀਂ ਹਾਂ' ਮਾਸਟਰ ਅਮਰਜੀਤ ਸਿੰਘ ਘੁੰਡਾਲ ਨੇ ਕਵਿਤਾ 'ਲੋਕ ਲਾਲਚ', ਸੰਤੋਖ ਸਿੰਘ ਕੋਟਾਲਾ ਨੇ ਪਿੰਡ ਕੋਟਾਲਾ ਬਾਰੇ ਲੇਖ 'ਸਾਂਝੀਵਾਲਤਾ ਦੀ ਕਹਾਣੀ' ਕਹਾਣੀਆਂ ਦੇ ਦੌਰ ਵਿੱਚ ਲਾਲੀ ਕਰਤਾਰਪੁਰੀ ਨੇ ਕਹਾਣੀ 'ਆਜ਼ਾਦ ਰੂਹ' ਸੁਣਾਈ, | ਸਭਾ ਵਿਚ ਵਿਸ਼ੇਸ਼ ਤੌਰ ਤੇ ਕਹਾਣੀ ਪੜ੍ਹਨ ਪੁੱਜੇ ਕਹਾਣੀਕਾਰ ਜੋਗੇ ਭੰਗਲ ਨੇ ਕਹਾਣੀ 'ਕੁਛ ਵੀ ਨਾਲ ਨਹੀਂ ਜਾਣਾ' ਜੋ ਪ੍ਰਵਾਸ ਅਤੇ ਰਿਸ਼ਤਿਆਂ 'ਤੇ ਆਧਾਰਿਤ ਸੀ, ਜਿਸ ਉੱਤੇ ਚਰਚਾ ਕਰਦਿਆਂ ਯਤਿੰਦਰ ਕੌਰ ਮਾਹਲ, ਅਮਨਦੀਪ ਸਮਰਾਲਾ, ਮਨਦੀਪ ਸਿੰਘ ਡਡਿਆਣਾ, ਸੰਤੋਖ ਸਿੰਘ, ਸਿਮਰਜੀਤ ਸਿੰਘ ਕੰਗ ਅਤੇ ਹੋਰ ਹਾਜ਼ਰ ਸਾਥੀਆਂ ਨੇ ਉਸਾਰੂ ਚਰਚਾ ਕੀਤੀ | ਇਸ ਮੌਕੇ ਜੋਗੇ ਭੰਗਲ ਵਲੋਂ ਆਪਣੀਆਂ ਤਿੰਨ ਪੁਸਤਕਾਂ ਸਭਾ ਨੂੰ ਭੇਟ ਕੀਤੀਆਂ ਗਈਆਂ | ਅਖੀਰ ਸਿਮਰਜੀਤ ਸਿੰਘ ਕੰਗ ਵੱਲੋਂ ਇਕੱਤਰਤਾ 'ਚ ਪਹੁੰਚੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ |