ਖੰਨਾ, 18 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ, ਖੰਨਾ ਦੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਪ੍ਰਤਿਭਾਸ਼ਾਲੀ ਐਥਲੀਟਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਹੋਈ ਇੰਟਰ-ਕਾਲਜ ਬਾਕਸਿੰਗ ਚੈਂਪੀਅਨਸ਼ਿਪ 2025-26 ਵਿੱਚ ਦੂਜੀ ਰਨਰ-ਅੱਪ ਟਰਾਫ਼ੀ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦੇ ਵਿਦਿਆਰਥੀਆਂ ਨੇ ਕੁੱਲ ਚਾਰ ਤਗਮੇ ਜਿੱਤੇ, ਜਿਸ ਵਿਚ ਗੁਰਸਾਹਿਬ ਸਿੰਘ ਨੇ ਸੋਨ ਤਗਮਾ, ਅਮਨਪ੍ਰੀਤ ਸਿੰਘ ਅਤੇ ਉਦੈਵੀਰ ਸਿੰਘ ਭੰਗੂ ਨੇ ਚਾਂਦੀ ਦਾ ਤਗਮਾ, ਅਤੇ ਅਵਜੋਤ ਸਿੰਘ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ | ਇਸ ਤੋਂ ਇਲਾਵਾ ਅਰਸ਼ਪ੍ਰੀਤ ਸਿੰਘ ਨੇ ਸੀਨੀਅਰ ਸਟੇਟ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ | ਬਾਕਸਿੰਗ ਓਪਨ ਮੁਕਾਬਲੇ ਵਿੱਚ ਅਰਸ਼ਪ੍ਰੀਤ ਸਿੰਘ ਤੇ ਸ਼ੁਭਕਰਮਣ ਸਿੰਘ ਨੇ ਸੋਨ ਤਗਮਾ ਅਤੇ ਅਮਰਪ੍ਰੀਤ ਸਿੰਘ ਨੇ ਕਾਂਸੇ ਦਾ ਤਗਮਾ ਜਿੱਤਿਆ | ਇਸ ਮੌਕੇ 'ਤੇ ਕਾਲਜ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਕਾਲਜ ਸਕੱਤਰ ਅਜੇ ਸੂਦ ਅਤੇ ਕਾਲਜ ਪਿ੍ੰਸੀਪਲ ਡਾ. ਕੇ.ਕੇ. ਸ਼ਰਮਾ ਨੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਫੈਕਲਟੀ ਮੈਂਬਰਾਂ, ਕੋਚ ਅਜੀਤ ਬਖ਼ਸ਼ੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ | ਡੀਨ ਆਫ਼ ਸਪੋਰਟਸ ਡਾ. ਦਿਨੇਸ਼ ਕੁਮਾਰ, ਡੀਨ ਸਹਿ-ਪਾਠਕ੍ਰਮ ਗਤੀਵਿਧੀਆਂ ਪ੍ਰੋ. ਰਵਿੰਦਰਜੀਤ ਸਿੰਘ, ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਡਾ. ਗੁਰਵੀਰ ਸਿੰਘ ਅਤੇ ਡਾ. ਗਗਨਪ੍ਰੀਤ ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਮਾਣ ਪ੍ਰਗਟ ਕੀਤਾ ਅਤੇ ਬਾਕਸਿੰਗ ਕੋਚ ਅਜੀਤ ਬਖ਼ਸ਼ੀ ਦਾ ਵਿਸ਼ੇਸ਼ ਧੰਨਵਾਦ ਕੀਤਾ | ਕਾਲਜ ਮੈਨੇਜਮੈਂਟ ਦੇ ਪ੍ਰਧਾਨ ਸੰਜੀਵ ਧਮੀਜਾ, ਉਪ ਪ੍ਰਧਾਨ ਨਵੀਨ ਥੰਮਨ, ਜਨਰਲ ਸਕੱਤਰ ਰਾਜੇਸ਼ ਡਾਲੀ ਅਤੇ ਸੰਯੁਕਤ ਜਨਰਲ ਸਕੱਤਰ ਜਤਿੰਦਰ ਦੇਵਗਨ ਨੇ ਵਿਭਾਗ ਦੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਣਮੱਤੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ |