ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂਦੇਵ ਮਾਸਟਰ ਬਿਹਾਰੀ ਲਾਲ ਸ਼ਰਮਾ ਦੀ ਬਰਸੀ ਮੌਕੇ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਦੁਰਗਾ ਮੰਦਰ ਵਿਖੇ 12ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਪੀ. ਜੀ. ਆਈ. ਐਮਈਆਰ ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਨੇ ਖ਼ੂਨਦਾਨੀਆਂ ਤੋਂ ਖੂਨ ਇਕੱਠਾ ਕਰਨ ਦੀ ਸੇਵਾ ਨਿਭਾਈ | ਇਸ ਮੌਕੇ ਮੰਦਰ ਕਮੇਟੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰ ਸਾਲ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ | ਜਿਸ ਵਿਚ ਦੂਰ-ਦੁਰਾਡੇ ਤੋਂ ਗੁਰੂ ਮਹਾਰਾਜ ਜੀ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਖ਼ੂਨਦਾਨ ਕਰਦੇ ਹਨ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ | ਉਨ੍ਹਾਂ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਦਿਲ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ | ਉਨ੍ਹਾਂ ਕਿਹਾ ਕਿ ਐਮਰਜੈਂਸੀ ਸਥਿਤੀ ਵਿਚ ਲੋਕਾਂ ਨੂੰ ਖ਼ੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਜਿਸ ਕਾਰਨ ਲੋੜਵੰਦਾਂ ਨੂੰ ਸਮੇਂ ਸਿਰ ਮਦਦ ਮਿਲਦੀ ਹੈ ਅਤੇ ਜ਼ਿੰਦਗੀ ਬਚਦੀ ਹੈ | ਗੁਰੂ ਜੀ ਦੇ ਚੇਲੇ ਰਾਜਨ ਸ਼ਰਮਾ ਨੇ ਥਾਈਲੈਂਡ ਵਿਚ ਰਹਿੰਦੇ ਹੋਏ ਉੱਥੇ ਇੱਕ ਕੈਂਪ ਲਗਾਇਆ ਅਤੇ 35 ਯੂਨਿਟ ਖੂਨ ਇਕੱਠਾ ਕੀਤਾ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮਗਰੀ ਵੀ ਵੰਡੀ |