ਖੰਨਾ, 19 ਜੁਲਾਈ (ਮਨਜੀਤ ਸਿੰਘ ਧੀਮਾਨ)-ਖੰਨਾ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਚਨਬੱਧ ਹੈ | ਐੱਸ. ਐੱਸ. ਪੀ. ਡਾ. ਜਯੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ 'ਤੇ ਡੀ. ਐੱਸ. ਪੀ. ਖੰਨਾ ਅੰਮਿ੍ਤਪਾਲ ਸਿੰਘ ਭਾਟੀ ਅਤੇ ਥਾਣਾ ਸਦਰ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਸੁਖਵਿੰਦਰਪਾਲ ਸਿੰਘ ਦੀ ਅਗਵਾਈ 'ਚ ਥਾਣਾ ਸਦਰ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਰਾਤ ਸਮੇਂ ਖੰਨਾ ਇਲਾਕੇ 'ਚ ਪੈਂਦੇ ਸਮੂਹ ਬੈਂਕਾਂ ਅਤੇ ਏ. ਟੀ. ਐੱਮ. ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਜਾਂਚ ਪੜਤਾਲ ਕੀਤੀ ਗਈ | ਡੀ. ਐੱਸ. ਪੀ. ਭਾਟੀ ਨੇ ਦੱਸਿਆ ਕਿ ਖੰਨਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ | ਉਨ੍ਹਾਂ ਸਮੂਹ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੈਂਕਾਂ ਵਿਚ ਬੈਂਕਾਂ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣੇ ਚਾਹੀਦੇ ਹਨ | ਜਿਸ ਬੈਂਕ ਦੇ ਏ. ਟੀ. ਐੱਮ ਨਹੀਂ ਚਲਦੇ ਜਾਂ ਕਿਸੇ ਤਕਨੀਕੀ ਖ਼ਰਾਬੀ ਕਾਰਨਾਂ ਕਰ ਕੇ ਬੰਦ ਹੋਣ ਤਾ ਉਨ੍ਹਾਂ ਨੂੰ ਤੁਰੰਤ ਚਲਾਇਆ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਬੈਂਕਾਂ ਵਿਚ ਕੋਈ ਰਾਤ ਸਮੇਂ ਗਲਤ ਅਨਸਰ ਅਜਿਹੀ ਕਿਸੇ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਨ੍ਹਾਂ ਵਿਚ ਆਟੋਮੈਟਿਕ ਹੂਟਰ ਲੱਗਿਆ ਹੋਣਾ ਜ਼ਰੂਰੀ ਹੈ | ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਕੰਟਰੋਲ ਨੰਬਰ 'ਤੇ ਦਿੱਤੀ ਜਾਵੇ | ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਬੈਂਕਾਂ ਵਿਚ ਸਕਿਉਰਿਟੀ ਗਾਰਡ ਦੀ ਘਾਟ ਹੈ, ਨਵੇਂ ਮੁਲਾਜ਼ਮਾਂ ਦੀ ਭਰਤੀ ਕਰ ਕੇ ਇਸ ਕਮੀ ਨੂੰ ਪੂਰਾ ਕੀਤਾ ਜਾਵੇ |