ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਯੋਜਨਾ ਦੇ ਵਿਰੋਧ 'ਚ ਦਾਖਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਭਰਵੀਂ ਇਕੱਤਰਤਾ
ਅਜੀਤ ਡੈਸਕ
20-07-2025
ਮੁੱਲਾਂਪੁਰ-ਦਾਖਾ, 19 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਦਾ ਨੋਟੀਫਿਕੇਸ਼ਨ ਰੱਦ ਕਰਵਾਉਣ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਲੈਂਡ ਪੂਲਿੰਗ ਨੂੰ ਕਿਸਾਨ ਹਿਤੈਸ਼ੀ ਆਖਣ 'ਤੇ ਪਿੰਡ ਦਾਖਾ (ਲੁਧਿ:) ਬਾਬਾ ਨੱਥੂ ਜੀ ਸ਼ਹੀਦ ਗੁਰਦੁਆਰਾ ਸਾਹਿਬ ਅਸਥਾਨ ਨੇੜੇ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਭਰਵੇਂ ਇਕੱਠ ਵਿਚ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ ਲੁਧਿਆਣਾ) ਪ੍ਰਮੁੱਖ ਆਗੂਆਂ ਬੀ.ਕੇ.ਯੂ (ਉਗਰਾਹਾਂ) ਜੋਗਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ, ਹਰਮੀਤ ਸਿੰਘ ਕਾਦੀਆਂ, ਮਾ: ਮਹਿੰਦਰ ਸਿੰਘ ਕਮਾਲਪੁਰਾ, ਸੁਦਾਗਰ ਸਿੰਘ ਘੁਡਾਣੀ, ਰਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਜਗਤਾਰ ਸਿੰਘ ਦੇਹੜਕਾ, ਜਗਰੂਪ ਸਿੰਘ ਹਸਨਪੁਰ, ਅਮਨਦੀਪ ਸਿੰਘ ਲਲਤੋਂ, ਮਨਪ੍ਰੀਤ ਸਿੰਘ ਗੋਂਦਵਾਲ, ਸਾਬਕਾ ਸਰਪੰਚ ਵਰਿੰਦਰ ਸਿੰਘ ਦਾਖਾ, ਗਗਨਦੀਪ ਸਿੰਘ ਪਮਾਲੀ, ਦਵਿੰਦਰ ਸਿੰਘ ਗੁੜੇ, ਅਜੀਤ ਸਿੰਘ ਦਾਖਾ, ਸੁਖਵਿੰਦਰ ਸਿੰਘ ਹੰਬੜਾਂ, ਪ੍ਰਧਾਨ ਗੁਰਸੇਵਕ ਸਿੰਘ ਦਾਖਾ, ਸੈਂਟਾ ਸੇਖੋਂ ਆਗੂਆਂ ਦੇ ਵਿਚਾਰ ਸੁਣਨ ਲਈ ਸੈਂਕੜੇ ਕਿਸਾਨ-ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ | ਕਿਸਾਨ ਹਿੱਤਾਂ ਦੀ ਰਾਖੀ ਲਈ ਤਤਪਰ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਲੈਂਡ ਪੂਲਿੰਗ ਦੇ ਵਿਰੋਧ 'ਚ ਜੁੜੀ ਵੱਡੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕਿਸਾਨਾਂ ਦੇ ਉਜਾੜੇ ਲਈ ਕੇਂਦਰ ਦੇ ਬਰਾਬਰ ਦੀ ਭਾਈਵਾਲ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕਿਸਾਨ ਹਿੱਤਾਂ ਦੀ ਗੱਲ ਕਰ ਰਹੀ ਹੈ, ਜਦ ਕਿ ਲੈਂਡ ਪੂਲਿੰਗ ਖੇਤੀ ਸੈਕਟਰ ਲਈ ਤਬਾਹਕੁੰਨ ਨੀਤੀ ਹੈ | ਉਗਰਾਹਾਂ ਨੇ ਕਿਹਾ ਕਿ 23 ਜ਼ਿਲਿ੍ਹਆਂ ਵਾਲੇ ਪੰਜਾਬ ਦੇ 25 ਸ਼ਹਿਰਾਂ ਨੇੜੇ ਅਰਬਨ ਅਸਟੇਟਾਂ ਦੀ ਯੋਜਨਾ ਕਿਸਾਨ, ਖੇਤ ਮਜ਼ਦੂਰ ਲਈ ਘਾਤਕ ਹੋਵੇਗੀ | ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਵਾਪਿਸ ਕਰਵਾਉਣ ਲਈ ਕਿਸਾਨਾਂ ਦਾ ਰੋਹ ਵੱਧਦਾ ਜਾ ਰਿਹਾ | ਰਾਜੇਵਾਲ ਨੇ ਕਿਹਾ ਕਿ ਲੈਂਡ ਪੂਲਿੰਗ ਵਾਂਗ ਪਾਣੀ ਦਾ ਸੰਕਟ ਤੇ ਵੰਡ, ਕਈ ਹੋਰ ਮਾਮਲੇ ਸਿੱਧੇ ਰੂਪ 'ਚ ਖੇਤੀ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਲੈ ਕੇ ਐੱਸ.ਕੇ.ਐੱਮ ਦਾ ਸੰਘਰਸ਼ ਨਿਰੰਤਰ ਜਾਰੀ ਹੈ | ਮਨਜੀਤ ਸਿੰਘ ਧਨੇਰ, ਹਰਮੀਤ ਸਿੰਘ ਕਾਦੀਆਂ ਵਲੋਂ ਵੀ ਅਰਬਨ ਅਸਟੇਟਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਇਹ ਵੀ ਕਾਰਪੋਰੇਟ ਨੂੰ ਉਤਸ਼ਾਹਿਤ ਕਰਨ ਲਈ ਹੋ ਰਿਹਾ | ਸੰਯੁਕਤ ਕਿਸਾਨ ਮੋਰਚਾ ਵਲੋਂ ਲੈਂਡ ਪੂਲਿੰਗ ਦੇ ਵਿਰੋਧ 'ਚ ਦਾਖਾ ਵਿਖੇ ਵਿਸ਼ਾਲ ਮੀਟਿੰਗ ਵਿਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਮੁਖੀਆਂ ਸਾਂਝਾ ਫ਼ੈਸਲਾ ਲਿਆ ਕਿ ਲੈਂਡ ਪੂਲਿੰਗ ਦੇ ਵਿਰੋਧ 'ਚ 30 ਜੁਲਾਈ ਨੂੰ ਟਰੈਕਟਰ ਮਾਰਚ ਅਤੇ 24 ਅਗਸਤ ਨੂੰ ਦਾਣਾ ਮੰਡੀ ਮੁੱਲਾਂਪੁਰ/ਰਕਬਾ ਵਿਖੇ ਕਿਸਾਨ ਮਹਾਂ ਪੰਚਾਇਤ ਦੀ ਇਕੱਤਰਤਾ ਹੋਵੇਗੀ | ਐੱਸ.ਕੇ.ਐੱਮ ਵਲੋਂ ਲੈਂਡ ਪੂਲਿੰਗ ਦੇ ਵਿਰੋਧ 'ਚ ਇਕੱਠ ਸਮੇਂ ਡਾ: ਸੁਖਪਾਲ ਸਿੰਘ ਸੇਖੋਂ, ਸਰਪੰਚ ਜਗਜੀਤ ਸਿੰਘ ਭੋਲਾ ਦਾਖਾ, ਰਣਵੀਰ ਸਿੰਘ ਰੁੜਕਾ, ਰਾਮ ਆਸਰਾ ਸਿੰਘ ਚੱਕ ਕਲਾਂ, ਗੁਰਜੀਤ ਸਿੰਘ ਦਾਖਾ, ਤੀਰਥ ਸਿੰਘ ਤਲਵੰਡੀ, ਮਨਜਿੰਦਰ ਸਿੰਘ ਮੋਰਕਰੀਮਾਂ, ਸਰਪੰਚ ਪਮਾਲ ਬਲਵਿੰਦਰ ਸਿੰਘ, ਸਾਬਕਾ ਸਰਪੰਚ ਹਰਿੰਦਰ ਸਿੰਘ ਈਸੇਵਾਲ, ਪ੍ਰਧਾਨ ਸੁਖਦੇਵ ਸਿੰਘ ਗਹੌਰ, ਮਲਕੀਤ ਸਿੰਘ ਈਸੇਵਾਲ, ਅਮਰੀਕ ਸਿੰਘ ਭੂੰਦੜੀ, ਪ੍ਰਧਾਨ ਬਲਬੀਰ ਸਿੰਘ ਦਾਖਾ, ਬਾਲੀ ਇਕਬਾਲ ਸਿੰਘ, ਤਰਨਜੀਤ ਸਿੰਘ ਰਾਜਾ, ਬਲਵੰਤ ਸਿੰਘ ਨੰਬਰਦਾਰ, ਸਵਰਨਜੀਤ ਸਿੰਘ ਸੇਖੋਂ, ਪੰਚ ਰਣਜੋਧ ਸਿੰਘ, ਬਲਵਿੰਦਰ ਸਿੰਘ ਗਹੌਰ, ਹਰਪ੍ਰੀਤ ਸਿੰਘ ਗਹੌਰ, ਜਗਦੇਵ ਸਿੰਘ ਖਾਨ, ਹੋਰ ਮੌਜੂਦ ਸਨ |