ਮਲੌਦ, 19 ਜੁਲਾਈ (ਦਿਲਬਾਗ ਸਿੰਘ ਚਾਪੜਾ)- ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਸੋਨੀਆ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਸ਼ਹਿਰੀ ਖੇਤਰਾਂ ਵਿਚ ਪ੍ਰਾਪਰਟੀ ਮਾਲਕਾਂ ਨੂੰ ਫ਼ਾਇਦਾ ਦਿੰਦੇ ਹੋਏ ਆਪਣੀ ਪ੍ਰਾਪਰਟੀ ਤੇ ਪੁਰਾਣੇ ਸਾਲਾਂ ਦੇ ਖੜ੍ਹੇ ਪ੍ਰਾਪਰਟੀ ਟੈਕਸ ਦੀ ਕੁੱਲ ਰਕਮ ਇਕਮੁਸਤ ਜਮ੍ਹਾਂ ਕਰਵਾਉਣ ਤੇ 31 ਜੁਲਾਈ ਤੱਕ ਵਿਆਜ ਅਤੇ ਜੁਰਮਾਨਾ ਮੁਆਫ਼ੀ ਦੀ ਸਕੀਮ ਦਿੱਤੀ ਹੋਈ ਹੈ | ਉਨ੍ਹਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਆਪਣੇ ਬਕਾਇਆ ਰਹਿੰਦੇ ਪ੍ਰਾਪਰਟੀ ਟੈਕਸ ਨੂੰ ਬਿਨ੍ਹਾਂ ਵਿਆਜ ਅਤੇ ਬਿਨ੍ਹਾਂ ਜੁਰਮਾਨੇ ਤੋਂ ਜਮ੍ਹਾਂ ਕਰਵਾ ਸਕਦੇ ਹਨ | ਨਗਰ ਪੰਚਾਇਤ ਮਲੌਦ ਦੇ ਈ. ਓ. ਹਰਨਰਿੰਦਰ ਸਿੰਘ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਨਗਰ ਪੰਚਾਇਤ ਮਲੌਦ ਅਧੀਨ ਪੈਂਦੇ ਮਲੌਦ, ਰੋੜੀਆ ਅਤੇ ਸੋਮਲ ਖੇੜੀ ਅਧੀਨ ਆਉਂਦੀਆਂ ਸਾਰੀਆਂ ਇਮਾਰਤਾਂ 'ਤੇ ਲਾਗੂ ਹੁੰਦਾ ਹੈ ਅਤੇ ਹਰ ਸਾਲ ਭਰਿਆ ਜਾਂਦਾ ਹੈ | ਜੋ ਵੀ ਪ੍ਰਾਪਰਟੀ ਧਾਰਕ ਆਪਣੇ ਪੁਰਾਣੇ ਬਕਾਏ 31 ਜੁਲਾਈ ਤੱਕ ਨਹੀਂ ਭਰਦੇ, ਉਨ੍ਹਾਂ ਖ਼ਿਲਾਫ਼ ਰਿਕਵਰੀ ਲਈ ਕਾਰਵਾਈ ਆਰੰਭੀ ਜਾਵੇਗੀ, ਜਿਸ ਤਹਿਤ ਪ੍ਰਾਪਰਟੀ ਸੀਲ ਕੀਤੀ ਜਾ ਸਕਦੀ ਹੈ | ਇਸ ਲਈ ਸ਼ਹਿਰ ਵਾਸੀ ਮੌਕਾ ਦਾ ਫ਼ਾਇਦਾ ਲੈਂਦੇ ਹੋਏ ਆਪਣੇ ਬਕਾਏ 31 ਜੁਲਾਈ ਤੱਕ ਕਲੀਅਰ ਕਰ ਸਕਦੇ ਹਨ |