ਖੰਨਾ, 19 ਜੁਲਾਈ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਜੀ. ਟੀ. ਰੋਡ ਨੇੜੇ ਨਵੀਂ ਆਬਾਦੀ ਲਿਬੜਾ ਬਿਲਡਿੰਗ ਦੇ ਕੋਲੋਂ ਦੁਕਾਨ ਵਿਚੋਂ ਸ਼ਟਰ ਨੂੰ ਲੱਗੇ ਤਾਲੇ ਤੋੜ ਕੇ ਅੰਦਰ ਪਏ ਨਵੇਂ 27 ਟਾਇਰ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ | ਥਾਣਾ ਸਿਟੀ ਖੰਨਾ ਨੂੰ ਲਿਖਾਈ ਰਿਪੋਰਟ ਵਿਚ ਸ਼ਿਕਾਇਤਕਰਤਾ ਦੁਕਾਨ ਦੇ ਮਾਲਕ ਗਗਨਦੀਪ ਸਿੰਘ ਵਾਸੀ ਨੇੜੇ ਲਿਬੜਾ ਬਿਲਡਿੰਗ ਨਵੀਂ ਵਾਦੀ ਖੰਨਾ ਨੇ ਦੱਸਿਆ ਕਿ ਆਪਣੀ ਦੁਕਾਨ ਸ਼ਾਮ ਨੂੰ ਜਿੰਦਰੇ ਲਾ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਸੀ ਜਦੋਂ ਦੂਜੀ ਸਵੇਰ ਵਾਪਸ ਆਪਣੀ ਦੁਕਾਨ ਖੋਲ੍ਹਣ ਲਈ ਦੁਕਾਨ ਤੇ ਪੁੱਜੇ ਤਾਂ ਹੈਰਾਨ ਰਹੇ ਗਏ ਕਿ ਦੁਕਾਨ ਦੇ ਬਾਹਰ ਲੱਗੇ ਤਾਲੇ ਟੁੱਟੇ ਪਏ ਸੀ | ਦੁਕਾਨ ਦੇ ਮਾਲਕ ਨੇ ਦੱਸਿਆ ਕਿ ਜਦੋਂ ਦੁਕਾਨ ਖ਼ੋਲ ਕੇ ਉਹ ਦੁਕਾਨ ਦੇ ਵਿਚ ਗਏ ਤਾਂ ਦੁਕਾਨ ਵਿਚ 27 ਟਾਇਰ ਘੱਟ ਪਏ ਸਨ, ਜਿਨ੍ਹਾਂ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ | ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਦੇ ਏ. ਐਸ. ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਆਲੇ ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇਆਂ ਦੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਅਣਪਛਾਤੇ ਵਿਅਕਤੀਆਂ ਨੂੰ ਚੋਰੀ ਕਰਨ ਦੇ ਮਾਮਲੇ 'ਚ ਜਲਦੀ ਹੀ ਕਾਬੂ ਕਰ ਲਵੇਗੀ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਚੋਰੀ ਕਰਨ ਦੇ ਦੋਸ਼ ਵਿਚ ਧਾਰਾ 331 (4) 305 ਬੀ. ਐਨ. ਐਸ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |