ਗੁਰਦੁਆਰਾ ਸਾਹਿਬ ਨਾਰੰਗਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਹਿਮ ਮੀਟਿੰਗ
ਅਜੀਤ ਡੈਸਕ
17-07-2025
ਡੇਹਲੋਂ, 16 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਨਾਰੰਗਵਾਲ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਸੂਬਾਈ ਆਗੂਆਂ ਨੇ ਸ਼ਿਰਕਤ ਕੀਤੀ¢ ਇਸ ਸਮੇਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੀ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਹੜੱਪਣ ਜਾ ਰਹੀ ਹੈ ਤੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੇ ਰਾਹ ਤੁਰ ਰਹੀ ਹੈ¢ ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ ਲੱਗਦੀਆਂ ਹਜ਼ਾਰਾਂ ਹੈਕਟੇਅਰ ਜ਼ਮੀਨਾਂ ਨੂੰ ਨਵੀਆਂ ਕਾਲੋਨੀਆਂ ਵਸਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ¢ ਉਗਰਾਹਾਂ ਕਿਹਾ ਕਿ ਜਬਰੀ ਜ਼ਮੀਨਾਂ ਖੋਹਣ ਦੇ ਨਾਦਰਸ਼ਾਹੀ ਹੁਕਮ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡਾ ਇਕੱਠ ਕਰ ਕੇ ਵਿਸਾਲ ਰੈਲੀ ਕੀਤੀ ਜਾਵੇਗੀ, ਜਿਸ ਦੀਆਂ ਤਿਆਰੀ ਮੁਹਿੰਮ ਚਲਾਈ ਜਾ ਰਹੀ ਹੈ¢ ਉਨ੍ਹਾਂ ਦੱਸਿਆ ਕਿ ਇਸ ਤਹਿਤ ਹੀ 19 ਜੁਲਾਈ ਨੂੰ ਪਿੰਡ ਦਾਖਾ ਵਿਖੇ ਇਲਾਕੇ ਦੇ ਲੋਕਾਂ ਦੀ ਮੀਟਿੰਗ ਵੀ ਕੀਤੀ ਜਾ ਰਹੀ, ਜਿਸ ਵਿਚ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ¢ ਸੂਬਾ ਆਗੂ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਸਰਕਾਰ ਹਰ ਰੋਜ਼ ਲੋਕ ਵਿਰੋਧੀ ਫ਼ੈਸਲੇ ਲੈ ਰਹੀ ਤੇ ਸੰਘਰਸ਼ਸ਼ੀਲ ਆਗੂਆਂ ਨੂੰ ਫੜ ਕੇ ਜੇਲ੍ਹਾਂ ਵਿਚ ਬੰਦ ਕਰ ਰਹੀ ਹੈ, ਜਿਸ ਦੀ ਮਿਸਾਲ ਸੰਗਰੂਰ ਜ਼ਿਲੇ੍ਹ 'ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਉੱਪਰ ਅਣ-ਐਲਾਨੀਆਂ ਪਾਬੰਦੀਆਂ ਲਾ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਹੈ¢ ਇਸ ਸਮੇਂ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਅਤੇ ਅਣ ਐਲਾਨੀਆਂ ਪਾਬੰਦੀਆਂ ਖ਼ਤਮ ਕਰਵਾਉਣ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ 25 ਜੁਲਾਈ ਨੂੰ ਸੰਗਰੂਰ ਵਿਖੇ ਵੱਡੀ ਰੋਸ ਰੈਲੀ ਤੇ ਮੁਜ਼ਾਹਰੇ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ ਗਈ¢ ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕੁਲਾਹੜ ਮੀਤ ਪ੍ਰਧਾਨ, ਰਾਜਿੰਦਰ ਸਿੰਘ ਸਿਆੜ ਖ਼ਜ਼ਾਨਚੀ, ਚਰਨਜੀਤ ਸਿੰਘ ਫੱਲੇਵਾਲ ਸੰਗਠਨ ਸਕੱਤਰ, ਬਲਵੰਤ ਸਿੰਘ ਘੁਡਾਣੀ, ਹਰਜੀਤ ਸਿੰਘ ਘਲੋਟੀ ਸਮੇਤ ਵੱਖ-ਵੱਖ ਬਲਾਕਾਂ ਦੇ ਪ੍ਰਧਾਨ ਅਤੇ ਸਕੱਤਰ ਹਾਜ਼ਰ ਸਨ¢