ਖੰਨਾ, 16 ਜੁਲਾਈ (ਹਰਜਿੰਦਰ ਸਿੰਘ ਲਾਲ)-ਸਰਕਾਰੀ ਆਈ. ਟੀ. ਆਈਜ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ | ਪਿਛਲੇ ਕਈ ਸਾਲਾਂ ਤੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਵਾਉਣ ਵਾਲੀ ਜਥੇਬੰਦੀ ਨੇ ਹੁਣ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਹੁਣ ਖੁੱਲ੍ਹ ਕੇ ਸੰਘਰਸ਼ ਵਿਚ ਕੁੱਦ ਪਈ ਹੈ | ਜਥੇਬੰਦੀ ਦੇ ਆਗੂ ਹਰਚਰਨ ਸਿੰਘ ਅਤੇ ਆਸ਼ਿਸ਼ ਵਰਮਾ ਨੇ ਦੱਸਿਆ ਕਿ ਉਹ 15-16 ਸਾਲਾਂ ਤੋਂ ਪੰਜਾਬ ਦੀਆਂ ਸਰਕਾਰੀ ਆਈ ਟੀ ਆਈਆਂ ਵਿਚ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਨਿਗੂਣੀਆਂ ਤਨਖ਼ਾਹਾਂ ਸਿਰਫ਼ 15000 ਉੱਪਰ ਗਰੁੱਪ ਬੀ ਬਤੌਰ ਕਰਾਫ਼ਟ ਇੰਸਟਰਕਟਰ ਆਪਣਾ ਸ਼ੋਸ਼ਣ ਕਰਵਾ ਰਹੇ ਹਾਂ ਜਦਕਿ ਇਹੀ ਪੰਜਾਬ ਸਰਕਾਰ ਗਰੁੱਪ ਸੀ ਅਤੇ ਡੀ ਨੂੰ ਸਾਡੇ ਨਾਲੋਂ ਵੱਧ ਤਨਖ਼ਾਹਾਂ ਦੇ ਰਹੀ ਹੈ ਜੋ ਕਿ ਕਿਸੇ ਤਰ੍ਹਾਂ ਵੀ ਤਰਕਸੰਗਤ ਨਹੀਂ ਹੈ | ਸਾਨੂੰ ਕਿਸੇ ਵੀ ਕਿਸਮ ਦੀ ਛੁੱਟੀ ਨਹੀਂ ਦਿੱਤੀ ਜਾਂਦੀ, ਨਾ ਹੀ ਕੋਈ ਬਦਲੀ ਕਰਵਾਉਣ ਦਾ ਅਧਿਕਾਰ ਹੈ | ਕਈ ਵਾਰ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਮਿਲ ਚੁੱਕੇ ਹਾਂ ਉਨ੍ਹਾਂ ਵੱਲੋਂ ਹਰ ਵਾਰ ਅਣਦੇਖਿਆ ਕਰ ਦਿੱਤਾ ਜਾਂਦਾ ਹੈ | ਇਸ ਲਈ ਜਥੇਬੰਦੀ ਨੇ ਪੰਜਾਬ ਵਿਚ ਸਰਕਾਰੀ ਆਈ. ਟੀ. ਆਈਜ਼ ਦੇ ਗੇਟਾਂ ਅੱਗੇ ਧਰਨੇ ਦਿੱਤੇ ਹਨ | ਇਸ ਦਰਮਿਆਨ ਖੰਨਾ ਦੀ ਆਈ. ਟੀ. ਆਈ. ਦੇ ਗੇਟ ਅੱਗੇ ਵੀ ਪੰਜਾਬ ਸਰਕਾਰ ਵਿਰੁੱਧ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ | ਨੇਤਾਵਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਤਾਂ ਤਕਨੀਕੀ ਸਿੱਖਿਆ ਮੰਤਰੀ ਅਤੇ ਹੋਰ ਸਾਰੇ ਮੰਤਰੀਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ ਲੋੜ ਪੈਣ 'ਤੇ ਪੱਕਾ ਮੋਰਚਾ ਵੀ ਲਗਾਇਆ ਜਾਵੇਗਾ |