ਮੌੜ ਮੰਡੀ, 17 ਜੁਲਾਈ (ਗੁਰਜੀਤ ਸਿੰਘ ਕਮਾਲੂ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਭਾਈ ਬਖਤੌਰ ਵਿਖੇ ਨਸ਼ਾ ਤਸਕਰਾਂ ਵਲੋਂ ਗੰਭੀਰ ਰੂਪ ਵਿਚ ਜ਼ਖ਼ਮੀ ਕੀਤੇ ਗਏ ਸਾਬਕਾ ਫ਼ੌਜੀ ਰਣਵੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ | ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵਲੋਂ ਚਿੱਟੇ ਖਿਲਾਫ਼ ਪੋਸਟਰ ਲਗਾਉਣ ਵਾਲੇ ਨੌਜਵਾਨ ਲਖਵੀਰ ਸਿੰਘ ਲੱਖੀ ਨਾਲ ਵੀ ਮੁਲਾਕਾਤ ਕੀਤੀ ਗਈ | ਜ਼ਿਕਰਯੋਗ ਹੈ ਕਿ ਚਿੱਟੇ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਵਾਸੀਆਂ ਨੇ ਪਿੰਡ ਵਿਕਾਊ ਹੈ ਦੇ ਪੋਸਟਰ ਵੀ ਲਗਾਏ ਸਨ ਜਿਸ ਤੋਂ ਨਾਖ਼ੁਸ਼ ਪੁਲਿਸ ਦੇ ਐੱਸ.ਐੱਚ.ਓ. ਵਲੋਂ ਉਲਟਾ ਨੌਜਵਾਨ ਲਖਵੀਰ ਸਿੰਘ ਨੂੰ ਹੀ ਧਮਕੀਆਂ ਦਿੱਤੀਆਂ ਗਈਆਂ | ਭਾਵੇਂ ਕਿ ਲੋਕਾਂ ਦੇ ਵਿਰੋਧ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐੱਸ.ਐੱਚ.ਓ. ਨੂੰ ਬਦਲ ਦਿੱਤਾ ਗਿਆ ਪਰ ਚਿੱਟੇ ਦੇ ਤਸਕਰਾਂ ਵਲੋਂ ਲਖਵੀਰ ਸਿੰਘ ਨੂੰ ਫਿਰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਆਗੂਆਂ ਵਲੋਂ ਲਖਵੀਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹੌਸਲਾ ਦਿੱਤਾ ਗਿਆ ਸੀ | ਪਿੰਡ ਭਾਈ ਬਖਤੌਰ ਪਹੁੰਚੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ | ਇਸ ਸਰਕਾਰ ਨੇ ਨਾਂ ਤਾਂ ਨਸ਼ਿਆਂ ਉੱਪਰ ਕੋਈ ਕਾਬੂ ਪਾਇਆ ਹੈ ਅਤੇ ਨਾ ਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਸਹੀ ਕਰ ਰਹੀ ਹੈ | ਅੱਜ ਪੰਜਾਬ ਅੰਦਰ ਵਪਾਰੀਆਂ ਨੂੰ ਫਿਰੌਤੀਆਂ ਦੀਆਂ ਕਾਲਾਂ ਆ ਰਹੀਆਂ ਹਨ ਅਤੇ ਪੈਸੇ ਨਾ ਦੇਣ ਤੇ ਵਪਾਰੀਆਂ ਦੇ ਕਤਲ ਕੀਤੇ ਜਾ ਰਹੇ ਹਨ | ਪੰਜਾਬੀ ਇਸ ਸਰਕਾਰ ਨੂੰ ਚੁਣਨ ਦੀ ਗ਼ਲਤੀ ਤੇ ਪਛਤਾ ਰਹੇ ਹਨ | ਇਸ ਮੌਕੇ ਜਗਦੇਵ ਸਿੰਘ ਕਮਾਲੂ ਸਾਬਕਾ ਵਿਧਾਇਕ, ਸੁਖਦੀਪ ਸਿੰਘ ਰਾਮਨਗਰ ਬਲਾਕ ਪ੍ਰਧਾਨ, ਲਖਵੀਰ ਸਿੰਘ ਨਾਜੀ, ਜੱਸੀ ਸਿੰਘ ਭਾਈ ਬਖਤੌਰ ਆਦਿ ਤੋਂ ਇਲਾਵਾ ਹੋਰ ਮੁਹਤਬਰ ਵੀ ਹਾਜ਼ਰ ਸਨ |
ਨਸ਼ੇ ਦੇ ਮੁੱਦੇ 'ਤੇ 'ਆਪ' ਸਿਰਫ਼ ਡਰਾਮਾ ਕਰ ਰਹੀ ਹੈ- ਚਰਨਜੀਤ ਸਿੰਘ ਚੰਨੀ <br/>
ਅਜੀਤ ਡੈਸਕ
18-07-2025