ਬਠਿੰਡਾ, 3 ਨਵੰਬਰ (ਅਵਤਾਰ ਸਿੰਘ ਕੈਂਥ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੀਆਂ ਪੇਂਡੂ ਜਲ ਸਪਲਾਈ ਸਕੀਮਾਂ 'ਤੇ ਫੀਲਡ ਅਤੇ ਦਫ਼ਤਰਾਂ ਵਿਚ ਵੱਖ-ਵੱਖ ਪੋਸਟਾਂ 'ਤੇ (ਰੈਗੂਲਰ ਮੁਲਾਜਮਾਂ ਵਾਂਗ) ਪਿਛਲੇ 15 ਤੋਂ 20 ਸਾਲਾਂ ਦੇ ਅਰਸੇ ਤੋਂ ਇਕ ਵਰਕਰ ਦੇ ਰੂਪ 'ਚ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੂੰ ਉਨ੍ਹਾਂ ਦੇ ਤਜਰਬੇ ਦੇ ਆਧਾਰ 'ਤੇ ਸਬੰਧਿਤ ਵਿਭਾਗ 'ਚ ਸ਼ਾਮਲ ਕਰਕੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਵਾਲੀ ਪ੍ਰਮੁੱਖ ਮੰਗ ਸਮੇਤ ਹੋਰ ਹੱਕੀ ਅਤੇ ਜਾਇਜ਼ ਮੰਗਾਂ ਦਾ ਹੱਲ ਕਰਵਾਉਣ ਲਈ ਪੂਰਅਮਨ ਢੰਗ ਨਾਲ ਸੰਘਰਸ਼ ਕਰ ਰਹੀ ਸਿਰਮੌਰ ਜਥੇਬੰਦੀੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਬਠਿੰਡਾ ਵਲੋਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਮੰਡਲ ਦਫ਼ਤਰ 1, 2 ਅਤੇ 3 ਅੱਗੇ ਰੋਸ ਧਰਨਾ ਦਿੱਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿਚ ਵਰਕਰਾਂ ਨੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਹ ਬੇਲੋੜੀਆਂ ਸ਼ਰਤਾਂ ਸਾਡੀ ਜਥੇਬੰਦੀ ਨੂੰ ਪ੍ਰਵਾਨ ਨਹੀਂ ਹਨ ਅਤੇ ਜਥੇਬੰਦੀਆਂ ਵਲੋਂ ਇਸ ਤਜਵੀਜ਼ ਨੂੰ ਮੁੱਢੋਂ ਰੱਦ ਕੀਤਾ ਜਾਂਦਾ ਹੈ ਅਤੇ ਯੂਨੀਅਨ ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆਂ ਦਾ ਪੱਕਾ ਰੁਜ਼ਗਾਰ ਕਰਕੇ ਬਣਦੀਆਂ ਸਹੂਲਤਾਂ ਦੇਣ ਦੀ ਮੰਗ ਕਰਦੀ ਹੈ | ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਨੂੰ ਵਿਭਾਗ 'ਚ ਕੰਟਰੈਕਟ ਅਧੀਨ ਲੈ ਕੇ ਪੱਕਾ ਰੁਜ਼ਗਾਰ ਕਰਨ ਵਾਲੀ, ਈ.ਪੀ.ਐਫ. ਅਤੇ ਈ.ਐਸ.ਆਈ.ਸੀ. ਵਰਗੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਵਾਲੀ ਪ੍ਰਪੋਜਲ ਸਰਕਾਰ ਕੋਲ ਭੇਜੀ ਜਾਵੇ | 'ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ' ਦੇ ਪਲੇਟਫਾਰਮ ਤੋਂ ਮਿਤੀ 2, 3 ਅਤੇ 4 ਦਸੰਬਰ 2025 ਨੂੰ ਮੋਰਚੇ 'ਚ ਸ਼ਾਮਲ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜਮ ਜੱਥੇਬੰਦੀਆਂ ਵੱਲੋਂ ਆਪਣੇ ਕੰਮ ਨੂੰ ਮੁਕੰਮਲ ਬੰਦ ਕਰਕੇ ਆਪਣੇ-ਆਪਣੇ ਵਿਭਾਗੀ ਦਫਤਰਾਂ ਅੱਗੇ ਲਗਾਤਾਰ ਦਿਨ-ਰਾਤ (3 ਦਿਨ) ਦੇ ਜਿਲ੍ਹਾ ਅਤੇ ਤਹਿਸੀਲ ਪੱਧਰੀ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਅੱਜ ਦੂਸਰਾ ਦਿਨ ਹੈ | ਇਸ ਸੰਘਰਸ਼ ਪ੍ਰੋਗਰਾਮ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੂਰਅਮਨ ਢੰਗ ਨਾਲ ਲਾਗੂ ਕਰਦੇ ਹੋਏ ਆਪਣੇ ਕੰਮਾਂ ਨੂੰ ਮੁਕੰਮਲ ਬੰਦ ਕਰਕੇ ਸਾਰੇ ਪੰਜਾਬ 'ਚ ਵਿਭਾਗੀ ਦਫ਼ਤਰਾਂ ਅੱਗੇ ਸਰਕਲ/ਡਵੀਜ਼ਨ/ਸਬ ਡਵੀਜ਼ਨ ਪੱਧਰੀ ਲਗਾਤਾਰ ਦਿਨ-ਰਾਤ ਧਰਨੇ ਦਿੱਤੇ ਜਾ ਰਹੇ ਹਨ |
ਜਲ ਸਪਲਾਈ ਕਾਮਿਆਂ ਵਲੋਂ ਮੁਕੰਮਲ ਹੜਤਾਲ <br/>
ਅਜੀਤ ਡੈਸਕ
04-12-2025