ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਤੀਜੇ ਦਿਨ ਵੀ ਨਹੀਂ ਹੋਈ ਕੋਈ ਨਾਮਜ਼ਦਗੀ ਦਾਖਲ, 'ਆਪ' ਅਤੇ ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ <br/>
ਅਜੀਤ ਡੈਸਕ
04-12-2025
ਚੋਣ ਅਧਿਕਾਰੀ ਦੇ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ 4 ਦਸੰਬਰ ਨਾਮਜ਼ਦਗੀਆਂ ਦਾਖਿਲ ਕਰਨ ਦੀ ਆਖ਼ਰੀ ਮਿਤੀ ਹੈ ਅਤੇ ਇਸ ਦਿਨ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਦਾਖਿਲ ਕਰ ਸਕਣਗੇ | ਦੂਜੇ ਪਾਸੇ ਨਾਮਜ਼ਦਗੀਆਂ ਦਾਖਿਲ ਕਰਨ ਦੀ ਆਖ਼ਰੀ ਮਿਤੀ ਨੇੜੇ ਆਉਂਦਿਆਂ ਹੀ ਜਿੱਥੇ ਸੱਤਾਧਿਰ ਆਮ ਆਦਮੀ ਪਾਰਟੀ ਵੱਲੋਂ ਤਿੰਨੇ ਜ਼ਿਲ੍ਹਾ ਪ੍ਰੀਸ਼ਦ ਅਤੇ 25 ਪੰਚਾਇਤ ਸੰਮਤੀ ਹਲਕਿਆਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਉੱਥੇ ਵਿਰੋਧੀ ਧਿਰਾਂ 'ਚੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰਾਂ ਦੀ ਸੂਚੀ ਵੀ ਸਾਹਮਣੇ ਆ ਗਈ ਹੈ |
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਦੇ ਦਸਤਖਤਾਂ ਹੇਠ ਜਾਰੀ ਸੂਚੀ ਮੁਤਾਬਿਕ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਪੱਕਾ ਕਲਾਂ ਤੋਂ ਹਰਪ੍ਰੀਤ ਸਿੰਘ ਗੋਰਾ,ਜ਼ੋਨ ਬੰਗੀ ਰੁਲਦੂ ਤੋਂ ਅਮਨਦੀਪ ਕੌਰ ਅਤੇ ਜ਼ੋਨ ਸੀਂਗੋ ਤੋਂ ਸੁਖਪਾਲ ਸਿੰਘ ਬਹਿਮਣ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਦੋਂਕਿ ਅਕਾਲੀ ਦਲ (ਬ) ਦੀ ਸੂਚੀ ਅਨੁਸਾਰ ਜ਼ੋਨ ਪੱਕਾ ਕਲਾਂ ਤੋਂ ਜਸਵੀਰ ਸਿੰਘ ਚੱਕ,ਬੰਗੀ ਰੁਲਦੂ ਤੋਂ ਜਸਪਾਲ ਕੌਰ ਅਤੇ ਜ਼ੋਨ ਸੀਂਗੋ ਤੋਂ ਬੂਟਾ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ |
ਉੱਧਰ ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਤੇ ਆਮ ਸਹਿਮਤੀ ਨਾ ਬਣ ਸਕਣ ਕਾਰਣ ਫਿਲਹਾਲ ਸੂਚੀ ਲਟਕ ਗਈ ਹੈ ਅਤੇ 4 ਦਸੰਬਰ ਨੂੰ ਹੀ ਉਮੀਦਵਾਰਾਂ ਬਾਰੇ ਸਥਿੱਤੀ ਸਪੱਸ਼ਟ ਹੋ ਸਕੇਗੀ | ਪਹਿਲੀ ਵਾਰ ਉਕਤ ਚੋਣਾਂ ਇਕੱਲਿਆਂ ਲੜ ਰਹੀ ਭਾਰਤੀ ਜਨਤਾ ਪਾਰਟੀ ਭਾਵੇਂ ਸਾਰੇ ਜ਼ੋਨਾਂ ਤੋਂ ਚੋਣ ਲੜਨ ਦੇ ਦਾਅਵੇ ਕਰ ਰਹੀ ਹੈ ਪਰ ਜ਼ਮੀਨ ਤੇ ਉਨਾਂ ਦੀ ਸਰਗਰਮੀ ਘੱਟ ਦਿਖਾਈ ਦੇ ਰਹੀ ਹੈ | 'ਆਪ' ਤੇ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੇ ਨਾਮ ਐਲਾਨੇ ਜਾਣ ਨਾਲ ਭਾਵੇਂ ਚੋਣ ਪਿੜ ਭਖਣਾ ਸ਼ੁਰੂ ਹੋ ਗਿਐ ਪਰ ਕਾਂਗਰਸ ਤੇ ਹੋਰ ਧਿਰਾਂ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਿਲ ਕਰਨ ਤੋਂ ਬਾਅਦ ਹੀ ਚੋਣ ਮੈਦਾਨ ਦੀ ਅਸਲ ਸਥਿੱਤੀ ਸਾਹਮਣੇ ਆ ਸਕੇਗੀ ਇਸ ਲਈ ਸਭ ਦੀ ਨਜ਼ਰ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ 4 ਦਸੰਬਰ 'ਤੇ ਲੱਗੀ ਹੋਈ ਹੈ |