ਬੋਹਾ, 5 ਨਵੰਬਰ (ਰਮੇਸ਼ ਤਾਂਗੜੀ)- ਕਸਬਾ ਬੋਹਾ ਵਿਖੇ ਪੀਣ ਵਾਲੇ ਪਾਣੀ ਦਾ ਮਾਮਲਾ ਦਿਨੋ ਦਿਨ ਭਖਦਾ ਜਾ ਰਿਹਾ ਹੈ | ਇੱਥੋਂ ਦਾ ਜਲ ਘਰ ਘਰ ਕਾਫ਼ੀ ਪੁਰਾਣਾ ਹੋ ਗਿਆ ਹੈ ਅਤੇ ਜਲ ਘਰ ਕੋਲੋਂ ਲੰਘਦੇ ਰਜਬਾਹੇ 'ਚੋਂ ਮੋਘਾ ਲਗਾ ਕੇ ਭਾਵੇਂ ਨਹਿਰੀ ਪਾਣੀ ਦਿੱਤਾ ਹੋਇਆ ਹੈ ਪਰ ਅੱਗੇ ਪਾਣੀ ਸਟੋਰ ਕਰਨ ਵਾਲੇ ਟੈਂਕਾਂ ਦੀ ਸਫ਼ਾਈ ਨਹੀਂ ਕੀਤੀ ਜਾਂਦੀ, ਜਿਸ 'ਚ ਕਈ ਤਰ੍ਹਾਂ ਦੇ ਜ਼ਹਿਰੀਲੇ ਜਾਨਵਰ ਪਣਪ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਕਈ ਸਾਲ ਪਹਿਲਾਂ ਜਲ ਘਰਾਂ 'ਚ ਮਾਲ ਸਮੇਤ 8-10 ਮੁਲਾਜ਼ਮ ਹੁੰਦੇ ਹਨ ਸਨ ਪਰ ਹੁਣ ਉੱਥੇ ਸਿਰਫ਼ 2 ਕਰਮਚਾਰੀ ਹੀ ਦੱਸੇ ਜਾਂਦੇ ਹਨ, ਜੋ ਪਾਣੀ ਹੀ ਛੱਡਦੇ ਹਨ | ਜਲ ਘਰ ਦੇ ਮੋਘੇ ਤੋਂ ਖਾਲ਼ਾਂ ਅਤੇ ਟੈਂਕਾਂ ਦੀ ਸਫ਼ਾਈ ਵੀ ਨਹੀਂ ਹੋ ਰਹੀ | ਨਹਿਰ 'ਚੋਂ ਪਾਣੀ ਨਾਲ ਆਉਂਦਾ ਗੰਦ-ਮੰਦ ਵੀ ਸਿੱਧਾ ਟੈਂਕਾਂ 'ਚ ਜਾਂਦਾ ਹੈ | ਜਲ ਘਰ ਦੇ ਸਾਰੇ ਫ਼ਿਲਟਰ ਬੰਦ ਪਏ ਹਨ | ਪਾਣੀ ਸਾਫ਼ ਕਰਨ ਲਈ ਸੈਂਡ (ਰੇਤਾ) ਅਤੇ ਲਾਲ ਦਵਾਈ ਵੀ ਇੱਥੇ ਕਦੇ ਮੁਹੱਈਆ ਨਹੀਂ ਕਰਵਾਈ ਗਈ | ਖੁੱਲ੍ਹੇ ਖੇਤਾਂ 'ਚ ਬਣੇ ਇਸ ਜਲ ਘਰ ਦੀ ਕੋਈ ਚਾਰਦੀਵਾਰੀ ਨਹੀਂ ਹੈ ਸਗੋਂ ਖੇਤਾਂ 'ਚੋਂ ਵੰਨ-ਸੁਵੰਨੇ ਜਾਨਵਰ ਇੱਥੇ ਫਿਰਦੇ ਰਹਿੰਦੇ ਹਨ | ਇਸ ਜਲ ਘਰ ਦਾ ਪਾਣੀ ਜ਼ਮੀਨਦੋਜ਼ ਡਿੱਗੀਆਂ 'ਚੋਂ ਸਿੱਧਾ ਬੋਹਾ 'ਚ ਉੱਡਤ ਸੜਕ 'ਤੇ ਬਣੀ ਪਾਣੀ ਦੀ ਟੈਂਕੀ 'ਚ ਚਾੜਿ੍ਹਆ ਜਾਂਦਾ ਹੈ, ਜਿੱਥੋਂ ਮੁੜ ਇਸ ਦੀ ਸਪਲਾਈ ਘਰਾਂ ਨੂੰ ਦਿੱਤੀ ਜਾਂਦੀ ਹੈ | ਕਸਬੇ ਦੀਆਂ ਗਲੀਆਂ, ਬਾਜ਼ਾਰਾਂ 'ਚੋਂ ਲੰਘਦੀਆਂ ਜ਼ਮੀਨਦੋਜ਼ ਪਾਈਪਾਂ ਥਾਂ-ਥਾਂ ਤੋਂ ਲੀਕ ਹੋਣ ਕਰ ਕੇ ਉਹ ਸੀਵਰੇਜ ਦਾ ਦੂਸ਼ਿਤ ਤੇ ਗੰਦਾ ਪਾਣੀ ਵੀ ਆਪਣੇ ਨਾਲ ਲੈ ਜਾਂਦੀਆਂ ਹਨ | ਸਪਲਾਈ ਛੱਡਣ ਤੋਂ ਬਾਅਦ ਘਰਾਂ ਦੀਆਂ ਸਾਰੀਆਂ ਟੂਟੀਆਂ 'ਚੋਂ ਪਹਿਲੇ 5-7 ਮਿੰਟ ਤਾਂ ਬਦਬੂਦਾਰ ਪਾਣੀ ਆਉਂਦਾ ਹੈ | ਲੋਕ ਇਸ ਪਾਣੀ ਨੂੰ ਟੈਂਕੀਆਂ 'ਚ ਭਰ ਲੈਂਦੇ ਹਨ | ਹੁਣ ਪਤਾ ਚੱਲਣ 'ਤੇ ਲੋਕਾਂ ਨੇ ਇਸ ਪਾਣੀ ਨੂੰ ਪੀਣਾ ਬੰਦ ਕਰ ਦਿੱਤਾ ਹੈ ਅਤੇ ਕਸਬੇ 'ਚ ਖੁੱਲ੍ਹੇ ਪ੍ਰਾਈਵੇਟ ਆਰ.ਓ. ਤੋਂ ਪਾਣੀ ਮੁੱਲ ਲੈਂਦੇ ਹਨ | ਲੋਕਾਂ ਦੀ ਮੰਗ ਹੈ ਕਿ ਇੱਥੇ ਪੀਣ ਵਾਲੇ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ |
ਬੋਹਾ ਦੇ ਵਧੇਰੇ ਲੋਕਾਂ ਨੇ ਜਲ ਘਰ ਦਾ ਪਾਣੀ ਪੀਣਾ ਕੀਤਾ ਬੰਦ <br/>
ਜਲ ਘਰ ਬੋਹਾ ਦੇ ਟੈਂਕਾਂ 'ਚ ਖੜ੍ਹਾ ਦੂਸ਼ਿਤ ਪਾਣੀ ਅਤੇ ਉੱਗਿਆ ਘਾਹ, ਫੂਸ | ਤਸਵੀਰ : ਰਮੇਸ਼ ਤਾਂਗੜੀ<br/>
06-11-2025