ਤਲਵੰਡੀ ਸਾਬੋ, 19 ਜੁਲਾਈ (ਰਣਜੀਤ ਸਿੰਘ ਰਾਜੂ)-ਕੁਦਰਤ ਵਲੋਂ ਮਿਲੇ ਅਨੇਕਾਂ ਖ਼ਜ਼ਾਨਿਆਂ 'ਚੋਂ ਦਰਖਤ ਬਹੁਤ ਮਹੱਤਵਪੂਰਨ ਤੇ ਲਾਭਦਾਇਕ ਹਨ, ਰੁੱਖਾਂ ਦੀ ਸੰਭਾਲ ਕਰਨੀ, ਇਨ੍ਹਾਂ ਦੇ ਇਰਦ ਗਿਰਦ ਵਿਚਰਨਾ ਬਹੁਤ ਸਕੂਨ ਮਈ ਹੁੰਦਾ ਏ | ਹਰਾ ਭਰਾ ਵਾਤਾਵਰਨ ਸਿਰਜਣ ਵੱਲ ਇਹ ਨਿੱਗਰ ਪੁਲਾਂਘ ਹੋਵੇਗੀ | ਸਭ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਮਮਤਾ ਸੇਠੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਗ੍ਹਾ ਰਾਮ ਤੀਰਥ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ | 'ਇਕ ਪੌਦਾ ਮਾਂ ਦੇ ਨਾਂ' ਮੁਹਿੰਮ ਤਹਿਤ ਸਕੂਲ 'ਚ ਬੂਟੇ ਲਾਉਣ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰਨ ਵਾਸਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਸ਼ੇਸ਼ ਤੌਰ 'ਤੇ ਜਗਾ ਰਾਮ ਤੀਰਥ ਦੇ ਸਕੂਲ ਪੁੱਜੇ ਸਨ | ਸਕੂਲ ਵਿਚ ਆਉਣ ਤੇ ਪਿ੍ੰਸੀਪਲ ਰਾਜੀਵ ਗੋਇਲ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਉਨ੍ਹਾਂ ਨਾਲ ਜਸਬੀਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਖੇਡਾਂ ਅਤੇ ਜ਼ਿਲ੍ਹਾ ਰਿਸੋਰਸ ਪਰਸਨ ਮਾਨਵ ਨਾਗਪਾਲ ਵੀ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਸਕੂਲ ਦੇ ਈਕੋ ਕਲੱਬ ਦੀ ਨੋਡਲ ਅਧਿਆਪਕਾ ਅਮਨਦੀਪ ਕੌਰ, ਜਸਬੀਰ ਸਿੰਘ ਭਾਗੀਵਾਂਦਰ, ਸ੍ਰੀਮਤੀ ਰੁਪਿੰਦਰ ਕੌਰ ਕੰਪਿਊਟਰ ਅਧਿਆਪਕਾ, ਸੁਖਪਾਲ ਕੌਰ, ਬਲਵਿੰਦਰ ਕੌਰ ਕਲਰਕ, ਤਰਸੇਮ ਸਿੰਘ, ਰੁਪਿੰਦਰ ਕੌਰ, ਪਲਵਿੰਦਰ ਕੌਰ, ਰਾਜਨਦੀਪ ਕੌਰ, ਰੀਨਾ ਰਾਣੀ, ਮਨਦੀਪ ਸਿੰਘ, ਵਿਨੀਤ ਕੁਮਾਰ, ਗੁਰਸ਼ਰਨ ਸਿੰਘ, ਸੁਮਨ ਰਾਣੀ, ਛਿੰਦਰਪਾਲ ਕੌਰ, ਹਰਜਿੰਦਰ ਕੌਰ, ਮਿਡ ਡੇ ਮੀਲ ਕਰਮਚਾਰੀ ਅਤੇ ਸਮੁੱਚਾ ਸਟਾਫ਼ ਮੌਜੂਦ ਸੀ | ਇਸ ਮੌਕੇ ਵਿਦਿਆਰਥੀਆਂ ਨੇ 'ਇਕ ਪੌਦਾ ਮਾਂ ਦੇ ਨਾਂ' ਮੁਹਿੰਮ 'ਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਬੂਟੇ ਵੀ ਲਗਾਏ |