ਨਥਾਣਾ, 15 ਜੁਲਾਈ (ਗੁਰਦਰਸ਼ਨ ਲੁੱਧੜ)-ਪੰਜਾਬ ਸਰਕਾਰ ਵਲੋਂ ਡਿਪਟੀ ਡਾਇਰੈਕਟਰ (ਪੰਚਾਇਤਾਂ) ਰਾਹੀਂ ਪੰਜਾਬ ਦੇ ਸਮੂਹ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਪੱਤਰ ਜਾਰੀ ਕਰਕੇ ਪੰਚਾਇਤੀ ਰਾਜ ਇਕਾਈਆਂ (ਗ੍ਰਾਮ ਪੰਚਾਇਤਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ) ਦੇ ਸੰਨ 1947 ਤੋਂ ਲੈ ਕੇ ਹੁਣ ਤੱਕ ਪੈਂਡਿੰਗ ਆਡਿਟ ਪੈਰਿਆਂ ਦੀ 10-10 ਸਾਲਾਂ ਦੀ ਸਾਰਨੀ ਦੇ ਚਾਰਟ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਇਸ ਦੀ ਰਿਪੋਰਟ ਇਕ ਹਫ਼ਤੇ ਦੇ ਅੰਦਰ-ਅੰਦਰ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਹਨ¢ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੁਆਰਾ ਭੇਜੇ ਗਏ ਇਸ ਪੱਤਰ ਰਾਹੀਂ ਇਹ ਵੇਰਵੇ ਹਾਸਲ ਕਰਨ ਦੀਆਂ ਹਦਾਇਤਾਂ ਹਨ ਕਿ ਸੰਨ 1947 ਤੋਂ 1960 ਤੱਕ, ਸੰਨ 1961 ਤੋਂ 1970 ਤੱਕ ,ਸੰਨ 1971 ਤੋਂ 1980 ਤੱਕ, ਸੰਨ 1981 ਤੋਂ 1990 ਤੱਕ, 1991 ਤੋਂ 2000 ਤੱਕ, ਸੰਨ 2001 ਤੋਂ 2010 ਤੱਕ ਅਤੇ ਸਾਲ 2011 ਤੋਂ 2017 ਤੱਕ ਕਿੰਨੇ ਪੈਰਿਆਂ ਦਾ ਆਡਿਟ ਰਿਕਾਰਡ ਉਪਲਬਧ ਹੈ? ਕਿੰਨੇ ਪੈਰਿਆਂ ਦਾ ਉਪਲਬਧ ਨਹੀਂ ਅਤੇ ਕਿੰਨੇ ਆਡਿਟ ਪੈਰੇ ਬਕਾਇਆ ਹਨ? ਹੁਣ ਸਵਾਲਾਂ ਦਾ ਸਵਾਲ ਇਹ ਹੈ ਕਿ ਇਸ ਪੱਤਰ ਨੂੰ ਅਮਲ ਵਿਚ ਲਿਆਉਣ ਲਈ ਪੰਚਾਇਤ ਵਿਭਾਗ ਦੇ ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿਚ ਪੁਰਾਣੇ ਰਿਕਾਰਡ ਦੀ ਫਰੋਲਾ-ਫਰਾਲੀ ਕਰਨ ਲਈ ਕੀ ਲੋੜੀਦੇ ਕਰਮਚਾਰੀ ਉਪਲਬਧ ਹਨ? ਕੀ ਇਤਨਾ ਪੁਰਾਣਾ ਰਿਕਾਰਡ ਸੁਰੱਖਿਅਤ ਲੱਭ ਸਕੇਗਾ? ਕੀ ਇਤਨੇ ਪੁਰਾਣੇ ਰਿਕਾਰਡ ਦੀ ਸਹੀ ਸਮੀਖਿਆ ਹੋ ਸਕੇਗੀ? ਪੈਂਡਿੰਗ ਆਡਿਟ ਪੈਰੇ ਅਨੁਸਾਰ ਕਿਸੇ ਅੱਧੀ ਸਦੀ ਤੋਂ ਵੱਧ ਪੁਰਾਣੇ ਪੰਚਾਇਤੀ ਨੁਮਾਇੰਦੇ ਜਾਂ ਪੰਚਾਇਤੀ ਅਧਿਕਾਰੀ ਵੱਲ ਜੇਕਰ ਕੋਈ ਬਕਾਇਆ ਰਾਸ਼ੀ ਕੱਢ ਵੀ ਦਿੱਤੀ ਗਈ ਤਾਂ ਕੀ ਉਸ ਦੀ ਵਸੂਲੀ ਹੋ ਸਕੇਗੀ? ਸੰਨ 1966 ਤੋਂ ਪਹਿਲਾਂ ਅਣਵੰਡੇ ਪੰਜਾਬ ਦੇ ਪੰਚਾਇਤੀ ਵਿਭਾਗ ਦਾ ਮੁੱਖ ਦਫ਼ਤਰ ਜਿਸ ਵੀ ਥਾਂ 'ਤੇ ਰਿਹਾ, ਕੀ ਉਸ ਮੁੱਖ ਦਫ਼ਤਰ 'ਤੇ ਭੇਜੇ ਵੇਰਵਿਆਂ ਦੇ ਰਿਕਾਰਡ ਦਾ ਬਲਾਕ ਪੱਧਰੀ ਜਾਂ ਜ਼ਿਲ੍ਹਾ ਪੱਧਰੀ ਰਿਕਾਰਡ ਨਾਲ ਮਿਲਾਨ ਹੋ ਸਕੇਗਾ? ਪੁਰਾਣੇ ਪੈਂਡਿੰਗ ਆਡਿਟ ਪੈਰਿਆਂ ਦੇ ਆਧਾਰ 'ਤੇ 'ਮਨੋਨੀਤ' ਭੁਗਤਾਨ ਵਾਸਤੇ ਤਤਕਾਲੀਨ ਪੰਚਾਇਤੀ ਨੁਮਾਇੰਦੇ ਅਤੇ ਪੰਚਾਇਤ ਵਿਭਾਗ ਦੇ ਉਸ ਵੇਲੇ ਦੇ ਕਰਮਚਾਰੀ/ਅਧਿਕਾਰੀ, ਜੋ ਇਸ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ ਹਨ, ਉਨ੍ਹਾਂ ਦਾ ਪੱਖ ਕਿਸ ਧਿਰ ਪਾਸੋਂ ਸੁਣਿਆ ਜਾਵੇਗਾ? ਪੰਜਾਬ ਸਰਕਾਰ ਦੀ ਅਜਿਹੀ ਪੜਤਾਲ ਸਬੰਧੀ ਜਾਗਰੂਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਮੀਖਿਆ ਬੀਤੇ 10-12 ਸਾਲ ਦੀ ਕਰਵਾਈ ਜਾਂਦੀ ਤਾਂ ਇਸ ਨੂੰ ਕੁਝ ਹੱਦ ਤੱਕ ਸਾਰਥਿਕ ਮੰਨਿਆ ਜਾ ਸਕਦਾ ਸੀ ਪਰ ਬੀਤੀ ਸਦੀ ਦੇ ਰਿਕਾਰਡ ਦੀ ਫਰੋਲਾ-ਫਰਾਲੀ ਵਿਚੋਂ ਕੁਝ ਪਿੜ-ਪੱਲੇ ਪੈਣ ਦੇ ਅਸਾਰ ਤਾਂ ਨਾਮਾਤਰ ਹੀ ਹਨ ਪਰ ਪੰਜਾਬ ਦੀ ਹੁਕਮਰਾਨ ਧਿਰ ਦੇ ਆਗੂਆਂ ਨੂੰ ਇਸ 'ਮੁਹਿੰਮ' ਦੇ ਜਰੀਏ ਵਿਭਾਗ ਦੁਆਰਾ ਪੂਰੇ/ਅਧੂਰੇ ਰਿਕਾਰਡ ਦੇ ਆਧਾਰ 'ਤੇ ਤਿਆਰ ਕਰਵਾਈਆਂ ਜਾਣ ਵਾਲੀਆਂ ਰਿਪੋਰਟਾਂ ਵਿਚੋਂ ਪਿਛਲੇ 70 ਸਾਲਾਂ ਦੇ ਪੰਚਾਇਤੀ ਰਾਜ ਪ੍ਰਬੰਧ ਦੀ ਭੰਡੀ ਪ੍ਰਚਾਰ ਲਈ ਲੋੜੀਂਦਾ 'ਮਸਾਲਾ' ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ¢