ਫ਼ਾਜ਼ਿਲਕਾ, 20 ਨਵੰਬਰ (ਦਵਿੰਦਰ ਪਾਲ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹੜ੍ਹ ਪੀੜਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਸ ਦੀ ਲੜੀਵਾਰ ਪੂਰਤੀ ਕੀਤੀ ਜਾ ਰਹੀ ਹੈ | ਇਹ ਮੁਆਵਜ਼ਾ ਵੰਡ ਦੀ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਰੇਕ ਹੜ੍ਹ ਪੀੜਤ ਨੂੰ ਉਸ ਦੇ ਨੁਕਸਾਨ ਦਾ ਮੁਆਵਜ਼ਾ ਮਿਲ ਨਹੀਂ ਜਾਂਦਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ ਦੇ ਲੋਕਾਂ ਨੂੰ 1 ਕਰੋੜ 38 ਲੱਖ ਰੁਪਏ ਦੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਵੰਡਣ ਮੌਕੇ ਕੀਤਾ | ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਉਸ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਕੁੱਝ ਰਾਹਤ ਪ੍ਰਦਾਨ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੇ ਖ਼ਰਾਬੇ ਅਤੇ ਨੁਕਸਾਨੇ ਗਏ ਕਮਰਿਆਂ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੜ੍ਹਾਂ ਦੌਰਾਨ ਵੀ ਲੋਕਾਂ ਨੂੰ ਰਾਹਤ ਪਹੁੰਚਾਉਣ ਵਿਚ ਕੋਈ ਕਮੀ ਨਹੀਂ ਛੱਡੀ ਗਈ, ਉਹ ਖ਼ੁਦ ਲੋਕਾਂ ਨੰੂ ਰਾਹਤ ਸਮਗਰੀ, ਰਾਸ਼ਨ ਕਿੱਟਾਂ, ਕੈਟਲ ਫੀਡ ਤੇ ਹਰਾ ਚਾਰਾ ਦੀ ਵੰਡ ਕੀਤੀ ਤੇ ਮੁਸ਼ਕਿਲ ਸਮੇਂ ਵਿਚ ਲੋਕਾਂ ਦੇ ਨਾਲ ਖੜੇ ਸਨ | ਜਗਦੀਪ ਕੰਬੋਜ ਗੋਲਡੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਇੰਨੀ ਜਲਦੀ ਮੁਆਵਜ਼ਾ ਰਾਸ਼ੀ ਦੀ ਵੰਡ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਰਾਸ਼ੀ ਵਧਾਉਂਦਿਆਂ 6800 ਰੁਪਏ ਪ੍ਰਤੀ ਏਕੜ ਤੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਕੀਤੀ ਗਈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ, ਮਕਾਨਾਂ ਦੇ ਹੋਏ ਨੁਕਸਾਨ, ਪਸ਼ੂ ਪਾਲਕਾਂ ਦੇ ਪਸ਼ੂ ਧਨ ਆਦਿ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਵੀ ਹੜ੍ਹ ਪੀੜਤਾਂ ਨਾਲ ਖੜੀ ਸੀ ਤੇ ਹੁਣ ਵੀ ਹਰ ਪੱਖੋਂ ਖੜੇਗੀ |