18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਆਰ. ਟੀ. ਓ. ਵਲੋਂ ਰੇਹੜੀਆਂ ਜ਼ਬਤ ਕਰਨ 'ਤੇ ਮੋਟਰ ਰੇਹੜੀ ਚਾਲਕਾਂ 'ਚ ਭੜਕਿਆ ਰੋਸ

ਅਜੀਤ ਡੈਸਕ 20-11-2025
ਫਿਰੋਜ਼ਪੁਰ, 19 ਨਵੰਬਰ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਵਿਚ ਆਰ.ਟੀ.ਓ. ਵਿਭਾਗ ਵਲੋਂ ਮੋਟਰ ਰੇੜੀਆਂ ਉੱਤੇ ਕੀਤੀ ਗਈ ਕਾਰਵਾਈ ਨੇ ਗ਼ਰੀਬ ਰੇਹੜੀ ਚਾਲਕਾਂ ਵਿਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ | ਰੇਹੜੀ ਚਾਲਕਾਂ ਨੇ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ 'ਤੇ ਬਿਨਾਂ ਢੰਗੀ ਰਾਹਦਾਰੀ, ਬਿਨਾਂ ਸਹੂਲਤਾਂ ਅਤੇ ਬਿਨਾਂ ਸਮਾਂ ਦਿੱਤੇ ਸਖ਼ਤੀ ਕਰ ਰਹੀ ਹੈ ਜਿਸ ਤਹਿਤ ਰੇਹੜੀ ਚਾਲਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇੱਥੇ ਦੱਸਣਾ ਬਣਦਾ ਹੈ ਕਿ ਆਰ.ਟੀ.ਓ ਵਲੋਂ ਬਿਨਾਂ ਨੰਬਰ ਪਲੇਟ, ਬਿਨਾਂ ਲਾਈਸੈਂਸ ਅਤੇ ਬਿਨਾਂ ਰਜਿਸਟਰੇਸ਼ਨ ਦੇ ਆਧਾਰ 'ਤੇ ਚਲਾਨ ਕੱਟੇ ਅਤੇ ਰੇਹੜੀਆਂ ਵੀ ਜ਼ਬਤ ਕੀਤੀਆਂ | ਉਨ੍ਹਾਂ ਕਿਹਾ ਕਿ ਜਿਹੜੇ ਨਿਯਮ ਤੋੜਦੇ ਹਨ, ਉਹਨਾਂ 'ਤੇ ਕਾਰਵਾਈ ਕੀਤੀ ਜਾਵੇ | ਭਾਰਤੀ ਵਾਲਮੀਕੀ ਧਰਮ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਗੱਬਰ ਗਿੱਲ ਨੇ ਕਿਹਾ ਸਾਨੂੰ ਨਿਰੀ ਸਖ਼ਤੀ ਨਹੀਂ ਸਹੂਲਤਾਂ ਚਾਹੀਦੀਆਂ ਹਨ ਜੇਕਰ ਸਰਕਾਰ ਸਾਨੂੰ ਰੁਜ਼ਗਾਰ ਦਿੰਦੀ ਹੈ ਤਾਂ ਅਸੀਂ ਆਪਣੀਆਂ ਰੇਹੜੀਆਂ ਨਹੀਂ ਚਲਾਵਾਂਗੇ | ਉਨ੍ਹਾਂ ਦੱਸਿਆ ਕਿ ਇਹ ਮਜ਼ਦੂਰ ਵਰਗ ਨਾਲ ਸਬੰਧਿਤ ਹਨ ਅਤੇ ਇਹ ਮੋਟਰ ਰੇਹੜੀਆਂ ਹੀ ਇਨ੍ਹਾਂ ਦੇ ਘਰ ਦਾ ਗੁਜ਼ਾਰਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਨਿਯਮ ਤੋੜਦੇ ਹਨ ਉਨ੍ਹਾਂ 'ਤੇ ਕਾਰਵਾਈ ਸਹੀ ਹੈ ਪਰ ਸਾਡੇ ਜਿਹੇ ਗ਼ਰੀਬਾਂ ਨੂੰ ਵੀ ਗ਼ਲਤ ਕਾਗ਼ਜ਼ਾਂ ਦੇ ਨਾਂ 'ਤੇ ਚਲਾਨ ਕੱਟ ਕੇ ਤੰਗ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਨੇ ਆਰ.ਟੀ.ਓ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਤੰਗ ਪਾਲਿਸੀ ਨਾ ਰੋਕੀ ਗਈ ਤਾਂ ਸਾਨੂੰ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪਵੇਗਾ | ਕੱਲ੍ਹ 10 ਵਜੇ ਦਾਣਾ ਮੰਡੀ ਵਿਚ ਕਿਸਾਨ ਭਾਈਚਾਰਾ ਅਤੇ ਦੁਕਾਨਦਾਰ ਭਾਈਚਾਰਾ ਨਾਲ ਮੀਟਿੰਗ ਕੀਤੀ ਜਾਵੇਗੀ ਜੇਕਰ ਕੋਈ ਹੱਲ ਨਾ ਹੋਇਆ ਤਾਂ ਸ਼ਹਿਰ ਦਾ ਛਾਉਣੀ ਵਾਲਾ ਪੁਲ 'ਤੇ ਚੱਕਾ ਜਾਮ ਕਰਾਂਗੇ | ਇਸ ਸਬੰਧੀ ਜਦੋਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਆਰ.ਟੀ.ਓ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਨਾਲ ਗ਼ਰੀਬ ਵਰਗ ਦੇ ਵਾਹਨ ਜ਼ਬਤ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਗਰੀਬ ਵਰਗ ਲਈ ਕੋਈ ਖਾਸ ਕਾਰਡ, ਸਹੂਲਤੀ ਪਾਸ ਜਾਂ ਰਜਿਸਟਰੇਸ਼ਨ ਲਈ ਹੱਲ ਕੱਢੇ, ਨਾ ਕਿ ਬਿਨਾਂ ਚੇਤਾਵਨੀ ਸਖ਼ਤੀ ਕਰੇ |ਰੇਹੜੀ ਚਾਲਕਾਂ ਦੇ ਮੁਤਾਬਿਕ, ਮੁਹਿੰਮ ਦੌਰਾਨ ਕੁਝ ਵਾਹਨਾਂ ਨੂੰ ਜ਼ਬਤ ਵੀ ਕੀਤਾ ਗਿਆ | ਜਿਸ ਨਾਲ ਉਹਨਾਂ ਦੇ ਪਰਿਵਾਰਾਂ ਦੀ ਆਮਦਨ ਪੂਰੇ ਦਿਨ ਲਈ ਰੁਕ ਗਈ | ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਇਹ ਕਾਰਵਾਈ ਅਜਿਹੀ ਹੀ ਚੱਲਦੀ ਰਹੀ ਤਾਂ ਉਹ ਸੰਗਠਿਤ ਹੋ ਕੇ ਜਲਦੀ ਵੱਡਾ ਸੰਘਰਸ਼ ਕਰਨਗੇ | ਇਸ ਮੌਕੇ ਸੋਨੰੂ ਸੰਧੂ, ਸੁਸ਼ੀਲ ਸਹੋਤਾ, ਮੱਲ ਗਿੱਲ ਪਿੰਡ ਰੱਖੜੀ, ਹੈਪੀ ਸਰਵਣ ਸਿੰਘ ਆਦਿ ਰੇਹੜੀ ਚਾਲਕ ਹਾਜ਼ਰ ਸਨ |
ਪਿਛਲੀ ਖ਼ਬਰ ਐਡਵੋਕੇਟ ਰਜਨੀਸ਼ ਦਹੀਆ ਨੇ ਪਿੰਡ ਲੋਹਾਮ 'ਚ ਰੱਖਿਆ ਆਧੁਨਿਕ ਸਟੇਡੀਅਮ ਦਾ ਨੀਂਹ-ਪੱਥਰ <br/> ਅਗਲੀ ਖ਼ਬਰ ਐਨ. ਆਰ. ਆਈ. ਚੇੜਾ ਵਲੋਂ ਝਿੱਕਾ ਸਕੂਲ ਦੀ ਸਹਾਇਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।