ਫ਼ਿਰੋਜ਼ਪੁਰ 7 ਨਵੰਬਰ (ਰਾਕੇਸ਼ ਚਾਵਲਾ, ਗੁਰਿੰਦਰ ਸਿੰਘ)-ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹਨ, ਸ਼ਹੀਦ ਕਿਸੇ ਜਾਤ ਧਰਮ ਅਤੇ ਵਰਗ ਦੇ ਨਹੀਂ ਹੁੰਦੇ ਸਗੋਂ ਦੇਸ਼ ਕੌਮ ਦੇ ਸਾਂਝੇ ਹੁੰਦੇ ਹਨ | ਫ਼ਿਰੋਜ਼ਪੁਰ ਦਿਹਾਤੀ ਹਲਕੇ ਵਿਚ ਬਣਨ ਵਾਲੇ 31 ਖੇਡ ਮੈਦਾਨ ਦਾ ਨਾਂ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਮ 'ਤੇ ਰੱਖਿਆ ਜਾਵੇਗਾ | ਇਹ ਜਾਣਕਾਰੀ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਦਿਹਾਤੀ ਹਲਕੇ ਅੰਦਰ ਆਜ਼ਾਦੀ ਗੁਲਾਟੀਏ ਅਤੇ ਜੰਗੀ ਸ਼ਹੀਦਾਂ ਦੇ ਵੱਡੀ ਗਿਣਤੀ ਵਿਚ ਪਰਿਵਾਰ ਰਹਿੰਦੇ ਹਨ | ਸਮੇਂ ਸਮੇਂ ਤੇ ਪਰਿਵਾਰਾਂ ਵਲੋਂ ਦੇਸ਼ ਕੌਮ ਦੇ ਇਨ੍ਹਾਂ ਸੂਰਮਿਆਂ ਦੀ ਯਾਦ ਵਿਚ ਕੋਈ ਯਾਦਗਾਰ ਜਾਂ ਸਰਕਾਰੀ ਇਮਾਰਤਾਂ ਉਨ੍ਹਾਂ ਦੇ ਨਾਮ ਤੇ ਬਣਾਉਣ ਸਬੰਧੀ ਗੱਲਬਾਤ ਅਤੇ ਮੰਗ ਪੱਤਰ ਦਿੰਦੇ ਰਹੇ ਹਨ | ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਵਲੋਂ ਸ਼ਹੀਦਾਂ ਨੂੰ ਅਤੇ ਆਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਦੇ ਤੌਰ 'ਤੇ ਉਨ੍ਹਾਂ ਦੀ ਯਾਦਗਾਰਾਂ ਬਣਾਉਣ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਸਾਹਿਬਾਨ ਤਰਨਪ੍ਰੀਤ ਸਿੰਘ ਸੋਂਧ ਨਾਲ ਗੱਲਬਾਤ ਕੀਤੀ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਖੇਡਾਂ ਨੂੰ ਪ੍ਰਮੋਟ ਅਤੇ ਪੰਜਾਬ ਦੇ ਨੌਜਵਾਨ ਖੇਡ ਪ੍ਰੇਮੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਦੇ ਹੋਏ ਫ਼ਿਰੋਜ਼ਪੁਰ ਦਿਹਾਤੀ ਹਲਕੇ ਲਈ ਆਧੁਨਿਕ ਖੇਡ ਮੈਦਾਨ ਮਨਜ਼ੂਰ ਕੀਤੇ ਗਏ ਹਨ | ਇਨ੍ਹਾਂ ਖੇਡ ਮੈਦਾਨਾਂ ਲਈ ਟੈਂਡਰ ਪ੍ਰਕਿਰਿਆ ਲਗਭਗ ਮੁਕੰਮਲ ਹੋ ਚੁੱਕੀ ਹੈ | ਆਉਂਦੇ ਦਿਨਾਂ ਵਿਚ ਇਨ੍ਹਾਂ ਖੇਡ ਮੈਦਾਨਾਂ ਦੇ ਨੀਂਹ ਪੱਥਰ ਰੱਖ ਕੇ ਤੇਜ਼ੀ ਨਾਲ ਇਨ੍ਹਾਂ ਦੀ ਉਸਾਰੀ ਕਰਵਾਈ ਜਾਵੇਗੀ | ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਕਰੀਬ 10 ਕਰੋੜ ਦੀ ਕੁਲ ਲਾਗਤ ਦੇ ਇਸ ਪ੍ਰੋਜੈਕਟ ਅਧੀਨ ਜਿਹੜੇ ਜਿਹੜੇ ਪਿੰਡਾਂ ਦੇ ਵਿਚ ਇਹ ਖੇਡ ਮੈਦਾਨ ਬਣਾਏ ਜਾ ਰਹੇ ਹਨ, ਉਨ੍ਹਾਂ ਪਿੰਡਾਂ ਦੇ ਜੰਗੀ ਸ਼ਹੀਦ ਅਤੇ ਆਜ਼ਾਦੀ ਗੁਲਾਟੀਏ ਦੇ ਸਤਿਕਾਰ ਵਿਚ ਖੇਡ ਮੈਦਾਨ ਦਾ ਨਾਮ ਰੱਖਾਂਗੇ | ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਸੰਘਰਸ਼ ਵਿਚ ਆਪਣੀਆਂ ਜਾਨਾਂ ਵਾਰੀਆਂ ਹਨ ਅਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜੰਗਾਂ ਵਿਚ ਆਪਣੀ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਦੇਸ਼ ਦੇ ਸੂਰਮਿਆਂ ਨੂੰ ਸੱਚੀ ਸੱਚੀ ਸ਼ਰਧਾਂਜਲੀ ਹੋਵੇਗੀ |