ਫ਼ਿਰੋਜਪੁਰ 7 ਨਵੰਬਰ (ਰਾਕੇਸ਼ ਚਾਵਲਾ)-ਡਾਇਰੈਕਟਰ ਸਿਹਤ ਵਿਭਾਗ ਦੇ ਹੁਕਮਾਂ 'ਤੇ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ੂਨੋਟਿਕ ਡਿਸੀਜ਼ ਤੋਂ ਬਚਾਅ ਕੰਟਰੋਲ ਮੁਹਿੰਮ ਤਹਿਤ ਕੈਂਟੋਨਮੈਂਟ ਬੋਰਡ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ ਪਿ੍ੰਸੀਪਲ ਜਗਦੀਸ਼ ਸਿੰਘ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਕੀਤਾ ਗਿਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਜ਼ੂਨੈਟਿਕ ਬਿਮਾਰੀਆਂ ਜਾਨਵਰਾਂ ਵਿਚ ਪੈਦਾ ਹੁੰਦੀਆਂ ਹਨ ਅਤੇ ਮਨੁੱਖਾਂ ਵਿਚ ਫੈਲ ਜਾਂਦੀਆਂ ਹਨ | ਲਾਗ ਵਾਲੇ ਜਾਨਵਰ ਦੇ ਕੱਟਣ ਨਾਲ ਜਾਂ ਲਾਗ ਵਾਲੇ ਜਾਨਵਰ ਦੇ ਸਰੀਰਕ ਤਰਲ ਪਦਾਰਥਾਂ ਦੇ ਸੰਪਰਕ ਵਿਚ ਆਉਣ ਨਾਲ ਬਿਮਾਰੀ ਫੈਲਦੀ ਹੈ | ਜਾਨਵਰਾਂ ਤੋਂ ਵਾਇਰਸ, ਬੈਕਟੀਰੀਆ, ਫੰਜਾਈ, ਪ੍ਰਰਾਈਓਨ ਜਾਂ ਪਰਜੀਵੀਆਂ ਰਾਹੀਂ ਬਿਮਾਰੀਆਂ ਮਨੁੱਖੀ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ | ਹਲ਼ਕਾਅ, ਇੰਫਲੂਐਂਜਾਂ, ਬਰੂਸੀਲੋਸਿਸ, ਪਲੇਗ, ਤਪਦਿਕ, ਧਦਰ ਰੋਗ, ਸਵਾਈਨ ਫਲੂ, ਬਰਡ ਫਲੂ, ਇਬੋਲਾ, ਡਿਪਥੀਰੀਆ, ਫੀਤਾ ਕਿਰਮ, ਡੇਂਗੂ, ਚਿਕਨਗੁਨੀਆਂ, ਜਾਪਾਨੀ ਇਨਸੇਫਲਾਈਟਿਸ, ਰਿਕੇਟਸੀਓਸਿਸ ਆਦਿ ਜੂਨੋਟਿਕ ਬਿਮਾਰੀਆਂ ਹਨ ਅਤੇ ਮਨੁੱਖੀ ਸਿਹਤ ਲਈ ਇਕ ਗੰਭੀਰ ਖ਼ਤਰਾ ਹਨ | ਇਨ੍ਹਾਂ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਆਪਣੇ ਸੰਪਰਕ ਵਿਚ ਆਉਣ ਵਾਲੇ ਪਸ਼ੂਆਂ ਜਾਂ ਜਾਨਵਰਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ | ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਦੱਸਿਆ ਪਾਲਤੂ ਜਾਨਵਰਾਂ ਦਾ ਸਹੀ ਸਮੇਂ 'ਤੇ ਪਸ਼ੂ ਚਕਿਤਸਕ ਕੋਲੋਂ ਨਿਰੀਖਣ ਕਰਵਾ ਕੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ | ਜਾਨਵਰਾਂ ਦੇ ਮਲ ਮੂਤਰ ਅਤੇ ਜ਼ੇਰ ਆਦਿ ਦਾ ਸਹੀ ਤਰੀਕੇ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ | ਰੋਗੀ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖਰਾ ਰੱਖਿਆ ਜਾਵੇ | ਘਰਾਂ ਵਿਚ ਆਉਣ ਵਾਲੇ ਜਾਨਵਰ ਜਿਵੇਂ ਚੂਹੇ, ਛਿਪਕਲੀਆਂ, ਡੱਡੂ ਆਦਿ ਦੀ ਰੋਕਥਾਮ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ | ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੇ ਖਾਧ ਪਦਾਰਥ ਜਿਵੇਂ ਦੁੱਧ, ਅੰਡਾ, ਮੀਟ ਆਦਿ ਨੂੰ ਚੰਗੀ ਤਰ੍ਹਾਂ ਪਕਾ ਕੇ ਇਸਤੇਮਾਲ ਕਰਨਾ ਚਾਹੀਦਾ ਹੈ | ਇਸ ਮੌਕੇ ਅਧਿਆਪਕ ਮਨਪ੍ਰੀਤ ਕੌਰ, ਸਰਬਜੀਤ ਕੌਰ, ਰਜਨੀ ਅਤੇ ਕੁਲਦੀਪ ਕੌਰ ਆਦਿ ਵੀ ਮੌਜੂਦ ਸਨ |