ਗੁਰੂਹਰਸਹਾਏ, 7 ਨਵੰਬਰ (ਕਪਿਲ ਕੰਧਾਰੀ)-ਰਾਸ਼ਟਰੀ ਕਿਸਾਨ ਸੰਗਠਨ ਹਰਿਆਣਾ ਦੇ ਸਟੇਟ ਪ੍ਰਧਾਨ ਜਸਵੀਰ ਸਿੰਘ ਬਾਟੀ ਅੱਜ ਗੁਰੂਹਰਸਹਾਏ ਵਿਖੇ ਪਹੁੰਚੇ ਜਿਨ੍ਹਾਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬੂਟਾ ਸਿੰਘ ਬੁਰਜ ਗਿੱਲ ਦੇ ਬਲਾਕ ਪ੍ਰਧਾਨ ਮਾਸਟਰ ਪੂਰਨ ਚੰਦ ਅਤੇ ਸਮੂਹ ਕਿਸਾਨ ਆਗੂਆਂ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਹਰਿਆਣਾ ਦੇ ਸਟੇਟ ਪ੍ਰਧਾਨ ਜਸਵੀਰ ਸਿੰਘ ਬਾਟੀ ਵਲੋਂ ਕਿਸਾਨ ਆਗੂਆਂ ਦੇ ਨਾਲ ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਵਿਖੇ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਅਤੇ ਹੱਲ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਪੰਜਾਬ ਵਿਚ ਪਿਛਲੇ ਦਿਨੀਂ ਆਏ ਹੜ੍ਹਾਂ ਕਰਕੇ ਫ਼ਿਰੋਜ਼ਪੁਰ ਜ਼ਿਲੇ੍ਹ ਨਾਲ ਸੰਬੰਧਿਤ ਕਿਸਾਨਾਂ ਦੇ ਹੋਏ ਨੁਕਸਾਨ ਅਤੇ ਉਸ ਦੀ ਮਦਦ ਦੇ ਲਈ ਹਰਿਆਣਾ ਦੇ ਵੱਖ-ਵੱਖ ਪਿੰਡਾਂ ਤੋਂ ਇਕੱਠੀ ਕੀਤੀ ਇਕ ਲੱਖ ਰੁਪਏ ਦੀ ਨਗਦ ਰਾਸ਼ੀ ਮਾਸਟਰ ਪੂਰਨ ਚੰਦ ਅਤੇ ਸਾਥੀ ਆਗੂਆਂ ਨੂੰ ਸੌਂਪੀ ਗਈ | ਗੱਲਬਾਤ ਕਰਦੇ ਹੋਏ ਜਸਵੀਰ ਸਿੰਘ ਬਾਟੀ ਨੇ ਕਿਹਾ ਕਿ ਹੜ੍ਹਾਂ ਕਾਰਨ ਜਿੱਥੇ ਕਈ ਲੋਕ ਘਰੋਂ ਬੇਘਰ ਹੋ ਗਏ ਸਨ ਉੱਥੇ ਹੀ ਕਈ ਕਿਸਾਨਾਂ ਦੀਆਂ ਫ਼ਸਲਾਂ ਵੀ ਤਬਾਹ ਹੋ ਗਈਆਂ ਸਨ | ਉਨ੍ਹਾਂ ਦੀ ਮਦਦ ਲਈ ਪਹਿਲਾਂ ਵੀ ਉਨ੍ਹਾਂ ਵਲੋਂ ਹਰਿਆਣਾ ਦੇ ਪਿੰਡਾਂ ਵਿਚੋਂ ਰਾਸ਼ੀ ਇਕੱਠੀ ਕਰਕੇ ਜਥੇਬੰਦੀ ਨੂੰ ਸੌਂਪੀ ਗਈ ਸੀ ਅਤੇ ਅੱਜ ਵੀ ਇਕ ਲੱਖ ਦੀ ਰਾਸ਼ੀ ਪੀੜਤ ਕਿਸਾਨਾਂ ਦੀ ਮਦਦ ਲਈ ਮਾਸਟਰ ਪੂਰਨ ਚੰਦ ਨੂੰ ਸੌਂਪੀ ਗਈ ਹੈ | ਉਨ੍ਹਾਂ ਕਿਹਾ ਕਿ ਉਹ ਆਪਣੇ ਵਲੋਂ ਤਾਂ ਇਨ੍ਹਾਂ ਪੀੜਤ ਕਿਸਾਨਾਂ ਦੀ ਮਦਦ ਕਰ ਰਹੇ ਹਨ | ਲੇਕਿਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅੱਗੇ ਹੋ ਕੇ ਪੀੜਤ ਕਿਸਾਨਾਂ ਦੀ ਸਾਰ ਲਵੇ ਅਤੇ ਜਿਹੜੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ | ਉਸ ਦੀ ਭਰਪਾਈ ਕਰੇ | ਲੋੜਵੰਦ ਕਿਸਾਨਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਨ੍ਹਾਂ ਦੀ ਉਹ ਜ਼ਰੂਰਤ ਪੂਰੀ ਕਰੇ ਇਸ ਮੌਕੇ ਬਲਾਕ ਪ੍ਰਧਾਨ ਪੂਰਨ ਚੰਦ ਨੇ ਜਸਵੀਰ ਸਿੰਘ ਬਾਟੀ ਅਤੇ ਉਨ੍ਹਾਂ ਨਾਲ ਆਏ ਆਗੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਹਰਜਿੰਦਰ ਸਿੰਘ, ਜਗਸੀਰ ਸਿੰਘ, ਸੁਖਵੰਤ ਸਿੰਘ ਕਿਸਾਨ ਜਥੇਬੰਦੀ ਹਰਿਆਣਾ, ਬਲਵਿੰਦਰ ਸਿੰਘ ਸਰਾਂ, ਰਤਨ ਸਿੰਘ ਸੀਨੀਅਰ ਜਨਰਲ ਸਕੱਤਰ, ਸੁਖਵਿੰਦਰ ਸਿੰਘ ਕੈਸ਼ੀਅਰ, ਸ਼ਿੰਗਾਰਾ ਸਿੰਘ ਇਕਾਈ ਪ੍ਰਧਾਨ ਨੇ ਬਹਿਰਾਮ ਸ਼ੇਰ ਸਿੰਘ ਵਾਲਾ, ਦਰਸ਼ਨ ਸਿੰਘ ਛਾਂਗਾਂ, ਇਕਾਈ ਪ੍ਰਧਾਨ ਰੇਸ਼ਮ ਸਿੰਘ ਸੀਨੀਅਰ ਮੀਤ ਪ੍ਰਧਾਨ ਛਾਂਗਾ, ਬਿੱਟੂ ਜੀਵਾਂ ਅਰਾਈਾ, ਲੱਡੂ ਜੀਵਾਂ ਅਰਾਈਾ, ਬਲਵਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਕੁਲਵੰਤ ਸਿੰਘ ਜੀਵਾਂ ਅਰਾਈਾ, ਪੂਰਨ ਸਿੰਘ ਪਾਲੇ ਚੱਕ ਇਕਾਈ ਪ੍ਰਧਾਨ ਆਦਿ ਹਾਜ਼ਰ ਸਨ |