20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨੌਜਵਾਨ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ਾਂ ਹੇਠ ਅਣਪਛਾਤੇ ਸਮੇਤ 4 ਨਾਮਜ਼ਦ

ਅਜੀਤ ਡੈਸਕ 02-09-2025
ਮੁੱਦਕੀ, 1 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਧਾਰਮਿਕ ਯਾਤਰਾ 'ਤੇ ਗਏ ਨੌਜਵਾਨ ਨੂੰ ਰਸਤੇ 'ਚ ਮੋਟਰਸਾਈਕਲ 'ਤੇ ਬਿਠਾ ਕੇ ਕਿਸੇ ਹੋਰ ਪਿੰਡ ਲਿਜਾ ਕੇ ਜ਼ਹਿਰੀਲੀ ਚੀਜ਼ ਖੁਆ ਮੌਤ ਦੇ ਘਾਟ ਉਤਾਰਨ ਦੇ ਦੋਸ਼ਾਂ ਹੇਠ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਥਾਣਾ ਹਠੂਰ ਪੁਲਿਸ ਵਲੋਂ ਅਣਪਛਾਤੇ ਸਮੇਤ 4 ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਘੱਲ ਖ਼ੁਰਦ ਅਧੀਨ ਪੈਂਦੇ ਕਸਬਾ ਮੁੱਦਕੀ ਦੇ ਵਾਸੀ ਸਤਨਾਮ ਸਿੰਘ ਪੁੱਤਰ ਘਨੱਤਰ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਵੱਖ-ਵੱਖ ਗੁਰਦੁਆਰਾ ਸਾਹਿਬ 'ਚ ਬਤੌਰ ਗ੍ਰੰਥੀ ਸਿੰਘ ਸੇਵਾ ਕਰਦਾ ਹੈ ਤੇ ਉਸ ਦਾ ਇਕਲੌਤਾ ਲੜਕਾ ਯਾਦਵਿੰਦਰ ਸਿੰਘ (ਕਰੀਬ 19 ਸਾਲ) ਮਿਤੀ 27 ਅਗਸਤ ਨੂੰ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀ ਦੀ ਬਰਸੀ 'ਤੇ ਮੇਰੇ ਭਤੀਜੇ ਜਸਕਰਨ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਮੁੱਦਕੀ ਨਾਲ ਸਮੇਤ ਹੋਰ ਦੋਸਤਾਂ ਨਾਲ ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਚੱਲੇ ਸੀ ਤਾਂ ਜਦੋਂ ਇਹ ਪਿੰਡ ਅਜੀਤਵਾਲ ਜ਼ਿਲ੍ਹਾ ਮੋਗਾ ਤੋਂ ਥੋੜ੍ਹਾ ਪਿੱਛੇ ਟਰੈਕਟਰ ਟਰਾਲੀ ਵਿਚ ਰੁਕੇ ਤਾਂ ਉੱਥੇ ਉਸ ਸਮੇਂ ਮੁੱਦਈ ਦੇ ਲੜਕੇ ਦਾ ਦੋਸਤ ਸੁਖਪ੍ਰੀਤ ਸਿੰਘ ਆਪਣੇ ਮੋਟਰਸਾਈਕਲ 'ਤੇ ਯਾਦਵਿੰਦਰ ਸਿੰਘ ਬਿਠਾ ਕੇ ਲੈ ਗਿਆ ਅਤੇ ਬਾਅਦ ਵਿਚ ਅੱਧੀ ਰਾਤ ਨੂੰ ਮੁੱਦਈ ਦੀ ਪਤਨੀ ਸੁਖਵਿੰਦਰ ਕੌਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੱਕਰ ਦੇ ਸਰਪੰਚ ਸੋਹਣ ਸਿੰਘ ਦਾ ਫ਼ੋਨ ਆਇਆ ਕਿ ਤੁਹਾਡਾ ਲੜਕਾ ਯਾਦਵਿੰਦਰ ਸਿੰਘ ਬੇਹੋਸ਼ੀ ਦੀ ਹਾਲਤ 'ਚ ਪਿੰਡ ਦੇ ਡਾਕਟਰ ਕੋਲ ਮੁੱਢਲੀ ਸਹਾਇਤਾ ਲੈਣ ਲਈ ਆਏ ਹਨ ਅਤੇ ਨਾਲ ਉਸ ਨੇ ਕਿਹਾ ਕਿ ਤੁਹਾਡੇ ਲੜਕੇ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਲੱਗਦੀ ਹੈ ਤਾਂ ਮੁੱਦਈ ਦੇ ਘਰਵਾਲੀ ਦੇ ਕਹਿਣ 'ਤੇ ਉਕਤ ਸਰਪੰਚ ਸੋਹਣ ਸਿੰਘ ਮੁੱਦਈ ਦੇ ਲੜਕੇ ਯਾਦਵਿੰਦਰ ਸਿੰਘ ਨੂੰ ਸਥਾਨਕ ਮੁੱਦਕੀ ਦੇ ਹਸਪਤਾਲ 'ਚ ਲੈ ਆਏ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ | ਮੁੱਦਈ ਹੋਰਾਂ ਵਲੋਂ ਲਾਸ਼ ਨੂੰ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਮੋਰਚਰੀ 'ਚ ਰਖਵਾ ਦਿੱਤਾ ਤੇ ਅਗਲੇ ਦਿਨ ਪਤਾ ਲੱਗਾ ਕੇ ਸੁਖਪ੍ਰੀਤ ਸਿੰਘ, ਗੁਰਸਿਮਰਨ ਤੇ ਉਸ ਦਾ ਭਰਾ ਬਬਨ ਅਤੇ ਇਕ ਅਣਪਛਾਤਾ ਵਿਅਕਤੀ ਮੁੱਦਈ ਦੇ ਲੜਕੇ ਨੂੰ ਪਿੰਡ ਚੱਕਰ ਵਿਖੇ ਕਿਸੇ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ ਹੈ, ਜਿਸ ਕਰਕੇ ਉਸ ਦੇ ਲੜਕੇ ਦੀ ਮੌਤ ਹੋ ਗਈ ਹੈ | ਇਸ ਸੰਬੰਧੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਥਾਣਾ ਹਠੂਰ ਦੇ ਮੁੱਖ ਅਫ਼ਸਰ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਿ੍ਤਕ ਦੇ ਪਿਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਸੁਖਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਡਗਰੂ ਜ਼ਿਲ੍ਹਾ ਮੋਗਾ, ਗੁਰਸਿਮਰਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਚੱਕਰ ਜ਼ਿਲ੍ਹਾ ਲੁਧਿਆਣਾ, ਬਬਨ ਸਿੰਘ ਵਾਸੀ ਪਿੰਡ ਚੱਕਰ ਜ਼ਿਲ੍ਹਾ ਲੁਧਿਆਣਾ ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਵਿਲੇਜ ਡਿਫੈਂਸ ਕਮੇਟੀ ਤੇ ਸਵਰਗ ਧਾਮ ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਹੜ੍ਹ ਪ੍ਰਭਾਵਿਤਾਂ ਨੂੰ ਲੰਗਰ ਵੰਡਿਆ <br/> ਅਗਲੀ ਖ਼ਬਰ ਜ਼ਿਲ੍ਹਾ ਪਟਿਆਲਾ ਵਿਖੇ ਸਿਹਤ ਵਿਭਾਗ ਦੇ ਆਊਟਸੋਰਸ ਕਾਮਿਆਂ ਦੀ ਜਥੇਬੰਦੀ ਦੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।