ਖੋਸਾ ਦਲ ਸਿੰਘ, 31 ਅਗਸਤ (ਮਨਪ੍ਰੀਤ ਸਿੰਘ ਸੰਧੂ)-ਅੱਜ ਦੇ ਅਜੋਕੇ ਸਮੇਂ 'ਚ ਜਿੱਥੇ ਮਨੁੱਖ ਨੂੰ ਆਪਣਾ ਦੁੱਖ ਪਿੰਡੇ 'ਤੇ ਹੰਢਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ, ਉੱਥੇ ਹੀ ਦੁਨੀਆ 'ਤੇ ਕੁੱਝ ਅਜਿਹੇ ਵੀ ਮਨੁੱਖ ਹਨ, ਜੋ ਦੂਸਰਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਮਦਦ ਕਰਨ ਲਈ ਅੱਗੇ ਆਉਂਦੇ ਹਨ | ਅਜਿਹੀ ਹੀ ਇਕ ਸ਼ਖ਼ਸੀਅਤ ਹਨ ਸੀਨੀਅਰ ਯੂਥ ਆਗੂ ਮਹਾਂਬੀਰ ਸਿੰਘ ਸੰਧੂ ਦੂਲੇਵਾਲਾ ਸਪੁੱਤਰ ਕਰਮਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ ਜਿਨ੍ਹਾਂ ਦੀ 45 ਤੋਂ 50 ਏਕੜ ਜ਼ਮੀਨ 'ਚ ਖੜ੍ਹੀ ਫ਼ਸਲ ਪਾਣੀ ਦੀ ਮਾਰ ਹੇਠ ਆਉਣ ਕਾਰਨ ਤਬਾਹ ਹੋ ਗਈ ਹੈ | ਇਸ ਸਭ ਦੇ ਬਾਵਜੂਦ ਵੀ ਉਕਤ ਨੌਜਵਾਨ ਆਗੂ ਵਲੋਂ ਹਿੰਮਤ ਨਾ ਹਾਰਦਿਆਂ ਲੋਕਾਂ ਦੀ ਮਦਦ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ | ਇਲਾਕੇ 'ਚ ਆਏ ਹੜ੍ਹਾਂ ਕਾਰਨ ਲੋਕਾਂ ਦੀ ਮਦਦ ਲਈ ਦਿਨ-ਰਾਤ ਇਕ ਕਰ ਰਹੇ ਮਹਾਂਬੀਰ ਸਿੰਘ ਸੰਧੂ ਵਲੋਂ 500 ਬੈਗ ਫੀਡ, ਤੂੜੀ, ਹਰਾ ਚਾਰਾ, ਪੀਣ ਲਈ ਸ਼ੁੱਧ ਪਾਣੀ ਦੀ ਟਰਾਲੀ ਤੋਂ ਇਲਾਵਾ ਪੈਸਿਆਂ ਦੀ ਮਦਦ ਕੀਤੀ ਜਾ ਰਹੀ ਹੈ | ਇਸ ਸਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਨੰਬਰਦਾਰ ਕੁਲਬੀਰ ਸਿੰਘ ਕਰਮੂਵਾਲਾ, ਬਲਰਾਜ ਸਿੰਘ ਰਾਜਾ ਗੋਗੋਆਣੀ, ਸੁਖਮੰਦਰ ਸਿੰਘ ਸੈਕਟਰੀ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਕਿਹਾ ਕਿ ਉਕਤ ਨੌਜਵਾਨ ਆਵਦਾ ਦੁੱਖ ਭੁੱਲ ਦੂਜੇ ਦੇ ਮਲ੍ਹਮ ਲਾ ਰਿਹਾ ਹੈ ਅਤੇ ਹੜ੍ਹ ਪੀੜਤਾਂ ਲਈ ਕਈ ਟਰਾਲੀਆਂ ਰਾਸ਼ਨ, ਤੂੜੀ ਆਦਿ ਵੰਡ ਰਿਹਾ ਹੈ |