ਜ਼ੀਰਾ, 31 ਅਗਸਤ (ਰਜਨੀਸ਼ ਕਥੂਰੀਆ)-ਪਿੰਡ ਝਤਰਾ ਵਿਖੇ ਪੈਟਰੋਲ ਪੰਪ ਦੇ ਇੱਕ ਕਰਿੰਦੇ ਨੇ ਕਰੀਬ 10 ਦਿਨ ਪਹਿਲਾਂ ਨਸ਼ੇ ਦੀ ਹਾਲਤ ਵਿਚ ਇਕ ਵਿਅਕਤੀ ਵਲੋਂ ਉਸ ਦੀ ਕੁੱਟਮਾਰ ਕਰਨ ਅਤੇ ਨਕਦੀ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਥਾਣਾ ਸਦਰ ਜ਼ੀਰਾ ਵਿਖੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਹੀਰਾ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਪਿੰਡ ਝਤਰਾ ਰੋਡ ਜ਼ੀਰਾ ਨੇ ਦੱਸਿਆ ਹੈ ਕਿ ਮੈਂ ਕਿਸਾਨ ਸੇਵਾ ਕੇਂਦਰ, ਪੈਟਰੋਲ ਪੰਪ, ਝਤਰਾ ਵਿਖੇ ਬਤੌਰ ਸੇਲਜ਼ਮੈਨ ਕੰਮ ਕਰਦਾ ਹਾਂ | ਉਸ ਨੇ ਦੱਸਿਆ ਕਿ ਮਿਤੀ 21 ਅਗਸਤ ਨੂੰ ਸ਼ਾਮ ਕਰੀਬ 6:30 ਵਜੇ ਕੁਲਵੰਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਸੁੱਖੇਵਾਲਾ ਨਸ਼ੇ ਦੀ ਹਾਲਤ ਵਿਚ ਆਇਆ ਤੇ ਮੇਰੇ ਗਲ ਪੈ ਗਿਆ | ਉਸ ਨੇ ਦੱਸਿਆ ਕਿ ਇਸ ਦੌਰਾਨ ਮੇਰੇ ਹੱਥ ਵਿਚ 20-25 ਹਜ਼ਾਰ ਰੁਪਏ ਵੀ ਫੜੇ ਹੋਏ ਜੋ ਦੋਸ਼ੀ ਖੋਹਣ ਦੀ ਕੋਸ਼ਿਸ਼ ਕਰਨ ਲੱਗ ਪਿਆ | ਜਿਸ ਦੌਰਾਨ ਉਸ ਨੇ ਮੇਰੇ ਮੂੰਹ 'ਤੇ ਚਪੇੜਾਂ ਮਾਰੀਆਂ | ਮੇਰੀ ਕਾਫ਼ੀ ਕੁੱਟਮਾਰ ਕੀਤੀ ਤੇ ਮੇਰੀ ਜਾਤੀ ਦੇ ਖ਼ਿਲਾਫ਼ ਅਪਸ਼ਬਦਾਵਲੀ ਦੀ ਵਰਤੋਂ ਵੀ ਕੀਤੀ | ਉਸ ਨੇ ਦੱਸਿਆ ਕਿ ਇਹ ਸਾਰੀ ਘਟਣਾ ਪੈਟਰੋਲ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ | ਹੀਰਾ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਜ਼ੀਰਾ ਵਿਖੇ ਦਿੱਤੀ ਲਿਖਤੀ ਸ਼ਿਕਾਇਤ ਨੂੰ ਕਰੀਬ 10 ਦਿਨ ਬੀਤ ਚੁੱਕੇ ਹਨ, ਪਰ ਪੁਲਿਸ ਨੇ ਦੋਸ਼ੀ ਦੇ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ | ਹੀਰਾ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧ 'ਚ ਜਦੋਂ ਅਧਿਕਾਰੀ ਏ.ਐੱਸ.ਆਈ. ਸ਼ਮਸ਼ੇਰ ਸਿੰਘ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਸ ਨੇ ਫੋਨ ਅਟੈਂਡ ਨਹੀਂ ਕੀਤਾ |