ਗੁਰੂਹਰਸਹਾਏ, 21 ਜੁਲਾਈ (ਕਪਿਲ ਕੰਧਾਰੀ)-ਸ਼ਹਿਰ ਦੇ ਪ੍ਰਸਿੱਧ ਤੇ ਪ੍ਰਾਚੀਨ ਮੰਦਰ ਮਾਤਾ ਜੱਜਲ ਵਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆ ਜਿੱਥੇ ਸ਼ਹਿਰ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਉੱਥੇ ਹੀ ਰਾਤ ਨੂੰ ਮੰਦਰ ਦੇ ਬਣੇ ਆਸ਼ੀਰਵਾਦ ਹਾਲ ਵਿਚ ਵਿਸ਼ਾਲ ਜਾਗਰਨ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪ੍ਰਧਾਨ ਰਵੀ ਸ਼ਰਮਾ ਨੇ ਦੱਸਿਆ ਕਿ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆ ਹਰ ਸਾਲ ਹੀ ਮਾਤਾ ਰਾਣੀ ਦਾ ਝੰਡਾ ਕੱਢਿਆ ਜਾਂਦਾ ਹੈ | ਉੱਥੇ ਹੀ ਮਾਤਾ ਰਾਣੀ ਦਾ ਵਿਸ਼ਾਲ ਜਾਗਰਨ ਕਰਵਾਇਆ ਜਾਂਦਾ ਹੈ ਜੋ ਕਿ ਰਾਤ ਨੂੰ ਮੰਦਰ ਦੇ ਆਸ਼ੀਰਵਾਦ ਹਾਲ 'ਚ ਕਰਵਾਇਆ ਗਿਆ | ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਵਲੋਂ ਮਾਤਾ ਦੇ ਦਰਬਾਰ 'ਤੇ ਮੱਥਾ ਟੇਕਿਆ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਉੱਥੇ ਹੀ ਮਾਤਾ ਦੇ ਭਗਤਾਂ ਵਲੋਂ ਮਾਤਾ ਰਾਣੀ ਦੀਆਂ ਸੁੰਦਰ-ਸੁੰਦਰ ਭੇਟਾ ਦਾ ਗੁਣਗਾਨ ਕੀਤਾ ਗਿਆ | ਇਸ ਜਾਗਰਨ ਦੀ ਸ਼ੁਰੂਆਤ ਮੰਦਰ ਦੇ ਪੁਜਾਰੀ ਪੰਡਿਤ ਜਗਤ ਰਾਮ ਵਲੋਂ ਮਾਤਾ ਰਾਣੀ ਦੀ ਜੋਤ ਜਗਾ ਕੇ ਤੇ ਪੂਜਾ ਅਰਚਨਾ ਕਰਕੇ ਕੀਤੀ ਗਈ | ਉਸ ਤੋਂ ਬਾਅਦ ਬੱਚਾ ਐਂਡ ਪਾਰਟੀ ਮੰਦਰ ਮਾਤਾ ਜੱਜਲ ਵਾਲੀ ਵਲੋਂ ਗਨੇਸ਼ ਵੰਦਨਾ ਗਾ ਕੇ ਕੀਤੀ ਗਈ | ਇਸ ਮੌਕੇ ਪਹੁੰਚੇ ਰਜਤ ਮਿੱਢਾ ਐਂਡ ਪਾਰਟੀ ਵਲੋਂ ਮਾਤਾ ਰਾਣੀ ਦੇ ਸੁੰਦਰ ਸੁੰਦਰ ਭਜਨਾਂ ਦਾ ਗੁਣਗਾਨ ਕੀਤਾ | ਇਸ ਮੌਕੇ ਮੰਦਰ ਦੇ ਪ੍ਰਧਾਨ ਰਵੀ ਸ਼ਰਮਾ ਵਲੋਂ ਰਜਤ ਐਂਡ ਪਾਰਟੀ ਦੇ ਸਾਰੇ ਹੀ ਕਲਾਕਾਰਾਂ ਨੂੰ ਮਾਤਾ ਰਾਣੀ ਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੰਦਰ ਕਮੇਟੀ ਵਲੋਂ ਮੰਦਰ ਨੂੰ ਸੁੰਦਰ-ਸੁੰਦਰ ਲਾਈਟਾਂ ਤੇ ਗ਼ੁਬਾਰਿਆਂ ਦੇ ਨਾਲ ਸਜਾਇਆ ਗਿਆ ਸੀ ਤੇ ਇਸ ਦੌਰਾਨ ਮੰਦਰ ਕਮੇਟੀ ਵਲੋਂ ਆਈ ਹੋਈ ਸੰਗਤ ਦੇ ਲਈ ਦਾਲ, ਫੁਲਕੇ ਦੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਬਿੱਟੂ ਮੋਂਗਾ, ਲਵੀ ਨਰੂਲਾ, ਲਾਡਾ ਮੋਂਗਾ, ਪੰਡਿਤ ਅੰਸ਼ ਸ਼ੁਕਲਾ, ਮੋਨੂੰ ਪੰਡਿਤ ਵਲੋਂ ਵੀ ਬਾਖ਼ੂਬੀ ਸੇਵਾ ਕੀਤੀ ਗਈ | ਜਾਗਰਨ ਦੀ ਸਮਾਪਤੀ ਤਾਰਾ ਰਾਣੀ ਦੀ ਅਮਰ ਕਥਾ ਦੇ ਨਾਲ ਬੱਚਾ ਐਂਡ ਪਾਰਟੀ ਮੰਦਰ ਮਾਤਾ ਜੱਜਲ ਵਾਲੀ ਵਲੋਂ ਕੀਤੀ ਗਈ |