ਮੱਲਾਂਵਾਲਾ, 21 ਜੁਲਾਈ (ਗੁਰਦੇਵ ਸਿੰਘ)-ਨਸ਼ਿਆਂ ਖ਼ਿਲਾਫ਼ ਜ਼ਿਲ੍ਹਾ ਪੁਲਿਸ ਵਲੋਂ ਛੇੜੀ ਵਿਸ਼ੇਸ਼ ਮੁਹਿੰਮ ਦੇ ਚੱਲਦਿਆਂ ਥਾਣਾ ਮੱਲਾਂਵਾਲਾ ਪੁਲਿਸ ਵਲੋਂ 36 ਗ੍ਰਾਮ ਹੈਰੋਇਨ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਇਲਾਕੇ 'ਚ ਗਸ਼ਤ ਕਰਦੇ ਹੋਏ ਸੁੰਨਵਾਂ ਚੌਂਕ ਮੱਲਾਂਵਾਲਾ ਦੇ ਪਾਸ ਪੁੱਜੇ ਤਾਂ ਇਕ ਮੋਨਾ ਵਿਅਕਤੀ ਪੁਲਿਸ ਦੀ ਗੱਡੀ ਦੇਖ ਕੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ 'ਚੋਂ ਇਕ ਮੋਮੀ ਲਿਫ਼ਾਫ਼ਾ ਕੱਢ ਕੇ ਸੁੱਟ ਕੇ ਖਿਸਕਣ ਲੱਗਾ ਜਿਸ 'ਤੇ ਪੁਲਿਸ ਪਾਰਟੀ ਨੂੰ ਸ਼ੱਕ ਹੋਣ 'ਤੇ ਉਸ ਨੂੰ ਕਾਬੂ ਕੀਤਾ ਗਿਆ, ਜਿਸ ਵਲੋਂ ਸੁੱਟੇ ਗਏ ਮੋਮੀ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 16 ਗ੍ਰਾਮ ਹੈਰੋਇਨ ਬਰਾਮਦ ਹੋਈ | ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਗੁਲਸ਼ਨ ਪੁੱਤਰ ਪੇ੍ਰਮ ਵਾਸੀ ਧਰਮਪੁਰਾ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਹਾਇਕ ਥਾਣੇਦਾਰ ਲਖਵੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਇਲਾਕਾ ਥਾਣਾ ਏਰੀਆ 'ਚ ਗਸ਼ਤ ਕਰਦੇ ਹੋਏ ਦਾਣਾ ਮੰਡੀ ਮੱਲਾਂਵਾਲਾ ਪੁੱਜੇ ਤਾਂ ਇਕ ਮੋਨਾ ਵਿਅਕਤੀ ਪੁਲਿਸ ਦੀ ਗੱਡੀ ਦੇਖ ਕੇ ਆਪਣੀ ਪਹਿਨੀ ਹੋਈ ਜੀਨ ਦੀ ਜੇਬ 'ਚੋਂ ਇਕ ਮੋਮੀ ਲਿਫ਼ਾਫ਼ਾ ਕੱਢ ਕੇ ਸੁੱਟ ਕੇ ਖਿਸਕਣ ਲੱਗਾ ਜਿਸ 'ਤੇ ਪੁਲਿਸ ਪਾਰਟੀ ਨੂੰ ਸ਼ੱਕ ਹੋਣ 'ਤੇ ਉਸ ਨੂੰ ਕਾਬੂ ਕਰਕੇ ਮੋਮੀ ਲਿਫ਼ਾਫ਼ੇ ਦੀ ਤਲਾਸ਼ੀ ਲੈਣ 'ਤੇ 20 ਗ੍ਰਾਮ ਹੈਰੋਇਨ ਪ੍ਰਾਪਤ ਹੋਈ | ਪੁਲਿਸ ਵਲੋਂ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਸੋਨੂੰ ਪੁੱਤਰ ਰੇਸ਼ਮ ਵਾਸੀ ਕਾਮਲ ਵਾਲਾ ਖ਼ੁਰਦ ਬਸਤੀ ਚੰਦੇ ਵਾਲੀ ਥਾਣਾ ਮੱਲਾਂਵਾਲਾ ਵਜੋਂ ਹੋਈ ਹੈ | ਪੁਲਿਸ ਨੇ ਉਕਤ ਦੋਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਮੱਲਾਂਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਹੈ |