02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਫ਼ਿਰੋਜ਼ਪੁਰ ਦੇ ਕਿਸਾਨਾਂ ਨੇ ਲੈਂਡ ਪੁਲਿੰਗ ਪਾਲਿਸੀ ਵਿਰੁੱਧ ਵਜਾਇਆ ਬਿਗਲ ਤਿੰਨਾਂ ਪਿੰਡਾਂ ਦੇ ਸਰਪੰਚਾਂ ਦੀ ਅਗਵਾਈ ਵਿਚ ਐਕਸ਼ਨ ਕਮੇਟੀ ਦਾ ਗਠਨ

ਅਜੀਤ ਡੈਸਕ 21-07-2025
ਫ਼ਿਰੋਜ਼ਪੁਰ, 20 ਜੁਲਾਈ (ਗੁਰਿੰਦਰ ਸਿੰਘ)-ਲੈਂਡ ਪੁਲਿੰਗ ਐਕਟ ਤਹਿਤ ਸਰਕਾਰ ਵਲੋਂ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦਾ ਮਾਮਲਾ ਦਿਨੋਂ ਦਿਨ ਗਰਮਾਉਂਦਾ ਜਾ ਰਿਹਾ ਹੈ | ਸਕੀਮ ਅਧੀਨ ਆਉਣ ਵਾਲੀਆਂ ਜ਼ਮੀਨਾਂ ਨੂੰ ਬਚਾਉਣ ਲਈ ਫ਼ਿਰੋਜ਼ਪੁਰ ਦੇ ਸਬੰਧਿਤ ਪਿੰਡਾਂ ਦੇ ਕਿਸਾਨਾਂ ਵਲੋਂ ਸਥਾਨਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਮੀਟਿੰਗ ਕਰਕੇ ਸਰਕਾਰ ਦੀ ਲੋਕ ਮਾਰੂ ਨੀਤੀ ਖ਼ਿਲਾਫ਼ 'ਯੁੱਧ ਲੈਂਡ ਪੂਲ ਪਾਲਿਸੀ ਵਿਰੁੱਧ' ਦਾ ਐਲਾਨ ਕਰਦਿਆਂ ਸਾਂਝੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਹੈ | ਪਾਲਿਸੀ ਅਧੀਨ ਆਉਂਦੇ ਜ਼ਿਲ੍ਹੇ ਦੇ ਪਿੰਡਾਂ ਮੋਹਕਮ ਖਾਂ ਵਾਲਾ ਦੇ ਸਰਪੰਚ ਬਲਵੀਰ ਸਿੰਘ, ਸਤੀਏ ਵਾਲਾ ਦੇ ਸਰਪੰਚ ਕੁਲਦੀਪ ਸਿੰਘ ਭੁੱਲਰ ਤੇ ਡਸਟੂਲ ਸਾਹਿਬ ਦੇ ਸਰਪੰਚ ਦਰਬਾਰਾ ਸਿੰਘ ਦੀ ਅਗਵਾਈ ਵਿਚ ਬਣੀ ਕਮੇਟੀ ਨੇ ਸਪੱਸ਼ਟ ਕਿਹਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਆਪਣੀਆਂ ਵਾਹੀ ਯੋਗ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਕਿਸਾਨਾਂ 'ਤੇ ਲੈਂਡ ਪੁਲਿੰਗ ਐਕਟ ਥਾਪ ਕੇ ਕਿਸਾਨਾਂ ਨੂੰ ਬੇਜ਼ਮੀਨੇ ਕਰਨਾ ਚਾਹੁੰਦੀ ਹੈ | ਜਿਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਲੈਂਡ ਪੂਲਿੰਗ ਐਕਟ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੋਹਕਮ ਖਾਂ ਵਾਲਾ ਦੀ 154 ਏਕੜ, ਪਿੰਡ ਸਤੀਏ ਵਾਲਾ ਦੀ 111 ਏਕੜ ਤੇ ਡਸਟੂਲ ਸਾਹਿਬ ਦੀ 51 ਏਕੜ ਵਾਹੀ ਯੋਗ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ | ਮੀਟਿੰਗ ਦੌਰਾਨ ਹਾਜ਼ਰ ਉਕਤ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਧੱਕੇ ਨਾਲ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਵਲੋਂ ਸੰਘਰਸ਼ ਵਿੱਢਿਆ ਜਾਵੇਗਾ ਤੇ ਉਹ ਆਪਣੀਆਂ ਜ਼ਮੀਨਾਂ ਕਿਸੇ ਵੀ ਹਾਲਤ ਵਿਚ ਸਰਕਾਰ ਨੂੰ ਨਹੀਂ ਦੇਣਗੇ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਜਲਦ ਹੀ ਜ਼ਮੀਨਾਂ ਐਕਵਾਇਰ ਹੋਣ ਤੋਂ ਬਚਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਵੀ ਮਿਲਿਆ ਜਾਵੇਗਾ | ਇਸ ਮੌਕੇ ਗਠਿਤ ਕੀਤੀ ਗਈ ਐਕਸ਼ਨ ਕਮੇਟੀ ਵਿਚ ਸਤੀਏ ਵਾਲਾ ਦੇ ਨੰਬਰਦਾਰ ਰੇਸ਼ਮ ਸਿੰਘ ਭੁੱਲਰ, ਬੂਟਾ ਸਿੰਘ ਭੁੱਲਰ ਸਤੀਏ ਵਾਲਾ, ਦਵਿੰਦਰ ਸਿੰਘ, ਜੋਗਿੰਦਰ ਸਿੰਘ ਫ਼ੌਜੀ ਤੇ ਸੁਖਦੇਵ ਨੂੰ ਪੰਪ ਵਾਲੇ, ਪਿੰਡ ਮੋਹਕਮ ਖਾਂ ਦੇ ਨੰਬਰਦਾਰ ਬੇਅੰਤ ਸਿੰਘ, ਹਰਜੀਤ ਸਿੰਘ, ਪ੍ਰਦੀਪ ਕੁਮਾਰ ਤੇ ਕੁਲਵੰਤ ਸਿੰਘ ਅਤੇ ਪਿੰਡ ਡਸਟੂਲ ਸਾਹਿਬ ਦੇ ਨੰਬਰਦਾਰ ਹਰਨਾਮ ਸਿੰਘ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਹਰਦੇਵ ਸਿੰਘ, ਰਜਿੰਦਰ ਕੁਮਾਰ, ਸ਼ਮਸ਼ੇਰ ਸਿੰਘ ਸਾਬਕਾ ਸਰਪੰਚ ਤੇ ਹਰਨਾਮ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ | ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਮਹਿਲ ਸਿੰਘ ਭੁੱਲਰ, ਰਣਜੀਤ ਸਿੰਘ ਰਾਣਾ ਭੁੱਲਰ, ਦਵਿੰਦਰ ਸਿੰਘ, ਬਚਨ ਸਿੰਘ, ਅਨੂਪ ਸਿੰਘ, ਅਜੈਬ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਉਦੇਕਰਨ ਦਾ 400 ਏਕੜ ਰਕਬਾ ਪਾਣੀ ਦੀ ਮਾਰ ਹੇਠ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ, ਕਿਸਾਨ ਚਿੰਤਤ ਅਗਲੀ ਖ਼ਬਰ ਔਰਤ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਹੇਠ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।