18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕੁੜਮਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿਚ ਕਿਸਾਨੀ ਧਰਨੇ ਦਾ ਸਾਹਮਣਾ ਕਰ ਰਹੇ ਜ਼ੀਰਾ ਦੇ ਮੁਨੀਮ ਨੂੰ ਪਈ ਦੂਹਰੀ ਮਾਰ

ਅਜੀਤ ਡੈਸਕ 20-07-2025
ਜ਼ੀਰਾ, 19 ਜੁਲਾਈ (ਰਜਨੀਸ਼ ਕਥੂਰੀਆ)-ਧੀ ਦੇ ਮੰਗੇਤਰ ਨੂੰ ਵਿਆਹ ਤੋਂ ਬਾਅਦ ਵਿਦੇਸ਼ ਭੇਜਣ ਲਈ ਕੁੜਮਾਂ ਨਾਲ ਕਥਿਤ ਤੌਰ 'ਤੇ ਲਗਭਗ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਆਪਣੇ ਘਰ ਅੱਗੇ ਇਕ ਕਿਸਾਨ ਜਥੇਬੰਦੀ ਦੇ ਧਰਨੇ ਦਾ ਸਾਹਮਣਾ ਕਰ ਰਹੇ ਸਥਾਨਕ ਸ਼ਹਿਰ ਦੇ ਇਕ ਮੁਨੀਮ ਨੂੰ ਦੂਹਰੀ ਮਾਰ ਪਈ ਹੈ | ਕਿਸਾਨ ਜਥੇਬੰਦੀ ਵਲੋਂ ਘਰ ਦੇ ਬਾਹਰ ਧਰਨਾ ਲਗਾਉਣ ਦੀ ਭਿਣਕ ਪੈਣ 'ਤੇ ਮਕਾਨ ਮਾਲਕ ਮੁਨੀਮ ਆਪਣੇ ਘਰ ਨੂੰ ਤਾਲਾ ਲਗਾ ਕੇ ਬੇਸ਼ੱਕ ਪਾਸੇ ਚਲਾ ਗਿਆ ਹੈ, ਪਰ ਉਸ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ | ਹੁਣ ਮੋਗਾ ਦੀ ਇਕ ਫਾਈਨਾਂਸ ਕੰਪਨੀ ਨੇ ਮੁਨੀਮ ਵਲੋਂ ਕੁੱਝ ਸਾਲ ਪਹਿਲਾਂ ਕੰਪਨੀ ਪਾਸੋਂ ਲਏ ਗਏ ਕਰਜ਼ੇ ਦੀਆਂ ਕਿਸ਼ਤਾਂ ਤੋਂ ਡਿਫਾਲਟਰ ਹੋਣ 'ਤੇ ਨੋਟਿਸ ਕੱਢੇ ਜਾਣ ਦੇ ਬਾਵਜੂਦ ਫਾਈਨਾਂਸ ਕੰਪਨੀ ਨਾਲ ਕੋਈ ਗੱਲਬਾਤ ਨਾ ਕਰਨ ਤੇ ਫਾਈਨਾਂਸ ਕੰਪਨੀ ਨੇ ਮਕਾਨ ਦਾ ਕਬਜ਼ਾ ਲੈਣ ਲਈ ਉਸ ਦੇ ਘਰ ਦੇ ਮੇਨ ਗੇਟ 'ਤੇ ਨੋਟਿਸ ਚਿਪਕਾ ਦਿੱਤਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਵਾਸਤੂ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ ਬ੍ਰਾਂਚ ਮੋਗਾ ਦੇ ਕਾਨੂੰਨੀ ਅਧਿਕਾਰੀ ਵਰਿੰਦਰ ਮੋਹਨ ਨੇ ਦੱਸਿਆ ਕਿ ਰਾਮ ਲਾਲ ਪੁੱਤਰ ਹਰਬੰਸ ਲਾਲ ਵਾਸੀ ਮਕਾਨ ਨੰਬਰ 313, ਘੋੜ ਮੁਹੱਲਾ ਜ਼ੀਰਾ ਨੇ ਸਾਡੀ ਫਾਈਨੈਂਸ ਕੰਪਨੀ ਪਾਸੋਂ 30 ਲੱਖ ਰੁਪਏ ਕਰਜ਼ਾ ਲਿਆ ਸੀ ਜਿਸ ਦੀਆਂ ਕਿਸ਼ਤਾਂ ਦੀ ਅਦਾਇਗੀ ਨਾ ਕਰਨ ਕਰਕੇ ਰਾਮ ਲਾਲ ਨੂੰ ਮਿਤੀ 10-4-2024 ਨੂੰ ਕੰਪਨੀ ਨੇ ਡਿਫਾਲਟਰ ਐਲਾਨ ਦਿੱਤਾ | ਵਰਿੰਦਰ ਮੋਹਨ ਨੇ ਹੋਰ ਦੱਸਿਆ ਕਿ ਮਿਤੀ 30-4-2024 ਤੱਕ ਰਾਮ ਲਾਲ ਵੱਲ ਕੰਪਨੀ ਦੇ ਵਿਆਜ ਸਮੇਤ 33,24,254 ਰੁਪਏ ਬਕਾਇਆ ਹਨ | ਉਸ ਨੇ ਦੱਸਿਆ ਕਿ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜਿਲਾ ਮੈਜਿਸਟਰੇਟ ਫਿਰੋਜ਼ਪੁਰ ਵਲੋਂ ਤਹਿਸੀਲਦਾਰ ਕਮ ਕਾਰਜਕਾਰੀ ਮੈਜਿਸਟਰੇਟ ਜ਼ੀਰਾ ਨੂੰ ਜਾਰੀ ਪੱਤਰ ਪਿੱਠ ਅੰਕਨ ਨੰਬਰ-1967-70 ਮਿਤੀ 12-11-2024 ਦੇ ਮੁਤਾਬਿਕ ਰਾਮ ਲਾਲ ਦੇ ਇਸ ਮਕਾਨ ਦਾ ਭੌਤਿਕ ਰੂਪ ਵਿਚ ਕਬਜ਼ਾ ਲੈਣ ਲਈ ਰਾਮ ਲਾਲ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਦੇ ਘਰ ਵਿਚ ਮੌਜੂਦ ਨਾ ਹੋਣ ਕਰਕੇ ਉਸ ਘਰ ਦੇ ਗੇਟ 'ਤੇ ਇਹ ਨੋਟਿਸ ਚਿਪਕਾਇਆ ਗਿਆ ਹੈ | ਇਸ ਸਬੰਧ ਵਿਚ ਸੰਪਰਕ ਕਰਨ 'ਤੇ ਸਬੰਧਿਤ ਮੁਨੀਮ ਰਾਮ ਲਾਲ ਨੇ ਦੱਸਿਆ ਕਿ ਉਸ ਨੇ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਠੱਗੀ ਨਹੀਂ ਮਾਰੀ | ਉਸਨੇ ਦੱਸਿਆ ਕਿ ਕਿਸਾਨ ਜਥੇਬੰਦੀ ਵਲੋਂ ਉਸ ਦੇ ਘਰ ਦੇ ਬਾਹਰ ਨਜਾਇਜ਼ ਧਰਨਾ ਲਗਾਇਆ ਗਿਆ ਹੈ | ਜਦੋਂ ਉਸ ਪਾਸੋਂ ਫਾਈਨਾਂਸ ਕੰਪਨੀ ਦੇ ਕਰਜ਼ੇ ਦੇ ਡਿਫਾਲਟਰ ਹੋਣ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ |
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਦੇ ਹਵਾਲਾਤੀਆਂ ਤੋਂ ਬਰਾਮਦ ਹੋਏ ਨਸ਼ੀਲੇ ਪਦਾਰਥ ਅਗਲੀ ਖ਼ਬਰ ਅਧਿਆਪਕਾਂ ਦੇ ਹੱਕ ਵਿਚ ਹੋਏ ਕੋਰਟ ਦੇ ਫ਼ੈਸਲਿਆਂ ਨੂੰ ਜਨਰਲਾਈਜ਼ ਕੀਤਾ ਜਾਵੇ-ਰਾਜੀਵ ਕੁਮਾਰ ਹਾਂਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।