ਗੁਰੂਹਰਸਹਾਏ, 17 ਜੁਲਾਈ (ਹਰਚਰਨ ਸਿੰਘ ਸੰਧੂ)-ਸਥਾਨਕ ਸ਼ਹਿਰ ਦੇ ਕੁਟੀ ਮੋੜ ਦੇ ਵਾਸੀ ਨੌਜਵਾਨ ਗੁਰਪਿਆਰ ਸਿੰਘ ਨੂੰ ਉਸ ਦੇ ਦੋਸਤਾਂ ਵਲੋਂ ਕਿਸੇ ਚੀਜ਼ ਵਿਚ ਜ਼ਹਿਰੀਲੀ ਚੀਜ਼ ਮਿਲਾ ਕੇ ਖਵਾ ਦਿੱਤੀ ਸੀ, ਜਿਸ ਨਾਲ ਨੌਜਵਾਨ ਗੁਰਪਿਆਰ ਸਿੰਘ ਕਾਫ਼ੀ ਬੇਹੋਸ਼ ਹੋ ਗਿਆ ਤੇ ਬੇਹੋਸ਼ੀ ਦੀ ਹਾਲਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਨੌਜਵਾਨ ਗੁਰਪਿਆਰ ਸਿੰਘ ਦੀ ਮੌਤ ਹੋ ਗਈ ਸੀ | ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮਿ੍ਤਕ ਨੌਜਵਾਨ ਗੁਰਪਿਆਰ ਸਿੰਘ ਨੂੰ ਜ਼ਹਿਰੀਲੀ ਚੀਜ਼ ਖਵਾਉਣ ਵਾਲੇ ਵਿਅਕਤੀਆਂ 'ਤੇ ਮਾਮਲਾ ਦਰਜ ਕਰਵਾਇਆ | ਪੁਲਿਸ ਨੇ ਭਾਵੇਂ ਮਾਮਲਾ ਦਰਜ ਕਰ ਲਿਆ ਸੀ, ਪਰ ਕਥਿਤ ਦੋਸ਼ੀਆਂ ਨੂੰ ਅਜੇ ਤੱਕ ਗਿ੍ਫ਼ਤਾਰ ਨਹੀਂ ਕੀਤਾ, ਜਿਸ ਨੂੰ ਲੈ ਕੇ ਪਰਿਵਾਰ ਅਤੇ ਉਨ੍ਹਾਂ ਨਾਲ ਹੋਰ ਲੋਕਾਂ ਨੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਦੋ ਵਾਰ ਧਰਨਾ ਮੁਜ਼ਾਹਰਾ ਕੀਤਾ ਅਤੇ ਬੀਤੇ ਕੱਲ੍ਹ ਵੀ ਪਰਿਵਾਰ ਵਲੋਂ ਲਾਸ਼ ਨੂੰ ਸੜਕ ਉੱਪਰ ਰੱਖ ਕੇ ਗੁਰੂਹਰਸਹਾਏ ਦੇ ਲਾਈਟਾਂ ਵਾਲੇ ਚੌਂਕ 'ਚ ਚੱਕਾ ਜਾਮ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਸੀ | ਓਧਰ ਇਸ ਧਰਨੇ ਦੌਰਾਨ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਸਮੇਤ 'ਆਪ' ਸਰਕਾਰ 'ਤੇ ਸਵਾਲ ਉਠਾਏ | ਪਰਿਵਾਰ ਨੇ ਕਿਹਾ ਸੀ ਕਿ ਅਸੀਂ ਪਿਛਲੇ 5 ਦਿਨਾਂ ਤੋਂ ਲਾਸ਼ ਲੈ ਕੇ ਰੁਲ ਰਹੇ ਹਾਂ, ਪਰ ਸਾਡੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋ ਰਹੀ, ਕਿਉਂਕਿ ਅਸੀਂ ਗ਼ਰੀਬ ਪਰਿਵਾਰ ਹਾਂ | ਇਸ ਮੌਕੇ ਗੁਰੂਹਰਸਹਾਏ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਵੀ ਆਪਣੇ ਸਾਥੀਆਂ ਸਮੇਤ ਇਸ ਧਰਨੇ 'ਚ ਸ਼ਮੂਲੀਅਤ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਰਚੇ ਵਿਚ ਨਾਮਜ਼ਦ ਵਿਅਕਤੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ, ਕਿਉਂਕਿ ਪਰਿਵਾਰ ਦਾ ਜਿੱਥੇ ਹੋਣਹਾਰ ਨੌਜਵਾਨ ਲੜਕਾ ਮੌਤ ਦੀ ਨੀਂਦ ਸੌਂ ਗਿਆ, ਉੱਥੇ ਹੀ ਪਰਿਵਾਰ ਨੂੰ ਸਦਮਾ ਹੈ ਅਤੇ ਉਸ ਤੋਂ ਵੱਡਾ ਪੇ੍ਰਸ਼ਾਨੀ ਦਾ ਕਾਰਨ ਹੈ ਕਿ ਅਜੇ ਤੱਕ ਕਥਿਤ ਦੋਸ਼ੀ ਪੁਲਿਸ ਦੀ ਹਿਰਾਸਤ ਤੋਂ ਫ਼ਰਾਰ ਹਨ | ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਪੀੜਤ ਪਰਿਵਾਰ ਦੀ ਹਮਾਇਤ ਕਰਦਿਆਂ ਤੁਰੰਤ ਜ਼ਿਲ੍ਹਾ ਪੁਲਿਸ ਕਪਤਾਨ ਫ਼ਿਰੋਜ਼ਪੁਰ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਅੱਗੇ ਤੋਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੋਸ਼ੀਆਂ ਨੂੰ ਜਲਦ ਹੀ ਗਿ੍ਫ਼ਤਾਰ ਕਰਨ ਦਾ ਭਰੋਸਾ ਦਿੱਤਾ | ਉੱਧਰ ਡੀ. ਐੱਸ. ਪੀ. ਸਤਨਾਮ ਸਿੰਘ ਗੁਰੂਹਰਸਹਾਏ ਵਲੋਂ ਧਰਨੇ 'ਚ ਆ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ 5 ਦਿਨਾਂ ਵਿਚ ਦੋਸ਼ੀਆਂ ਨੂੰ ਫੜਨ ਦਾ ਦਾਅਵਾ ਕਰਕੇ ਧਰਨਾ ਚੁੱਕਣ ਦੀ ਅਪੀਲ ਕੀਤੀ | ਇਸ ਭਰੋਸੇ ਬਾਅਦ ਧਰਨਾ ਸਮਾਪਤ ਕੀਤਾ ਗਿਆ ਅਤੇ ਮਿ੍ਤਕ ਨੌਜਵਾਨ ਗੁਰਪਿਆਰ ਸਿੰਘ ਦਾ ਜੱਦੀ ਪਿੰਡ ਗਹਿਰੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ |