ਮੁੱਦਕੀ, 16 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਜਿੱਥੇ ਇਕ ਪਾਸੇ ਪੰਜਾਬ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ, ਉੱਥੇ ਦੂਜੇ ਪਾਸੇ ਡਰੇਨੇਜ਼ ਵਿਭਾਗ ਵਲੋਂ ਇਸ ਵਾਰ ਕਈ ਸੇਮਨਾਲਿਆਂ ਦੀ ਸਫ਼ਾਈ ਹੀ ਨਹੀਂ ਕੀਤੀ ਗਈ, ਜਿਸ ਕਾਰਨ ਸੇਮ ਨਾਲਿਆਂ ਦੇ ਟੁੱਟਣ ਦਾ ਖ਼ਤਰਾ ਮੰਡਰਾ ਰਿਹਾ ਹੈ | ਜ਼ਿਕਰਯੋਗ ਹੈ ਕਿ ਬਰਸਾਤ ਦੇ ਪਾਣੀ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਸੇਮਨਾਲੇ ਬਰਸਾਤ ਦੇ ਮੌਸਮ 'ਚ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ, ਕਿਉਂਕਿ ਜਦੋਂ ਭਾਰੀ ਬਾਰਸ਼ ਹੁੰਦੀ ਹੈ ਤਾਂ ਇਨ੍ਹਾਂ ਨਾਲਿਆਂ ਰਾਹੀਂ ਹੀ ਬਰਸਾਤੀ ਪਾਣੀ ਬਾਹਰ ਕੱਢਿਆ ਜਾਂਦਾ ਹੈ | ਪਰ ਕਸਬਾ ਮੁੱਦਕੀ ਅੰਦਰ ਪਿਛਲੇ ਲੰਬੇ ਸਮੇਂ ਤੋਂ ਸੇਮਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦੇ ਵਹਾਅ 'ਚ ਵੱਡੀ ਰੁਕਾਵਟ ਪੈਦਾ ਹੋ ਰਹੀ ਹੈ, ਜਿਸ ਕਾਰਨ ਸੇਮਨਾਲਾ ਟੁੱਟਣ ਕਾਰਨ ਖੇਤਾਂ 'ਚ ਫ਼ਸਲਾਂ ਦੇ ਨਾਲ-ਨਾਲ ਰਿਹਾਇਸ਼ੀ ਖੇਤਰ 'ਚ ਵੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ | ਇਸ ਮੌਕੇ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਜੀਤ ਕੌਰ ਦੇ ਪਤੀ ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ ਨੇ ਪੱਤਰਕਾਰਾਂ ਨੂੰ ਮੌਕੇ 'ਤੇ ਬੁਲਾ ਕੇ ਸਥਾਨਕ ਸੇਮਨਾਲੇ ਦੀ ਸਥਿਤੀ ਤੋਂ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਇਸ ਸੇਮਨਾਲੇ ਦੀ ਪਿਛਲੇ ਕਈ ਸਾਲਾਂ ਤੋਂ ਸਫ਼ਾਈ ਹੀ ਨਹੀਂ ਹੋਈ, ਜਿਸ ਕਾਰਨ ਸੇਮਨਾਲੇ 'ਚ ਮਿੱਟੀ ਤੇ ਗਾਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਪੁਲ ਦੇ ਨਾਲ ਲੱਗੀ ਹੋਈ ਹੈ ਤੇ ਜਦੋਂ ਵੀ ਕਿਤੇ ਭਾਰੀ ਬਾਰਸ਼ ਹੁੰਦੀ ਹੈ ਤਾਂ ਇਸ ਦਾ ਪਾਣੀ ਓਵਰਫ਼ਲੋ ਹੋ ਕੇ ਸੜਕਾਂ, ਘਰਾਂ ਤੇ ਖੇਤਾਂ 'ਚ ਜਾਂਦਾ ਹੈ | ਇਸ ਮੌਕੇ ਉਨ੍ਹਾਂ ਵਲੋਂ ਖ਼ੁਦ ਜੇ.ਸੀ.ਬੀ. ਲਗਵਾ ਕੇ ਸੇਮਨਾਲੇ ਦੀ ਸਫ਼ਾਈ ਕਰਵਾਈ ਗਈ | ਉਨ੍ਹਾਂ ਮੰਗ ਕੀਤੀ ਕਿ ਇਸ ਦੀ ਸਫ਼ਾਈ ਜਲਦੀ ਤੋਂ ਜਲਦੀ ਕਰਵਾਈ ਜਾਵੇ ਤਾਂ ਜੋ ਬਰਸਾਤੀ ਮੌਸਮ 'ਚ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ | ਇਸ ਮੌਕੇ ਸੁਖਦੇਵ ਸਿੰਘ ਬਰਾੜ, ਜੋਗਿੰਦਰ ਸਿੰਘ ਨੰਬਰਦਾਰ, ਨਵਦੀਪ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ, ਜਗਸੀਰ ਸਿੰਘ ਜੱਗਾ, ਦੀਪਾ ਠੇਕੇਦਾਰ, ਸੁਖਚੈਨ ਸਿੰਘ ਸਿੱਧੂ, ਜਸਵੀਰ ਕੁਮਾਰ, ਬਲਦੇਵ ਸਿੰਘ ਆਦਿ ਹਾਜ਼ਰ ਸਨ | ਓਧਰ ਜਦ ਇਸ ਸਬੰਧੀ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਸੰਪਰਕ ਨਹੀਂ ਹੋ ਸਕਿਆ |