ਫ਼ਿਰੋਜ਼ਪੁਰ, 16 ਜੁਲਾਈ (ਕੁਲਬੀਰ ਸਿੰਘ ਸੋਢੀ)-ਪੰਜਾਬ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜਿੰਨੀ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ, ਵਧੀਆ ਕਦਮ ਹੈ | ਪਰ ਦੂਸਰੇ ਪਾਸੇ ਚੋਰ ਪੁਲਿਸ ਦੇ ਖ਼ੌਫ਼ ਤੋਂ ਬੇਖ਼ੌਫ ਹੋ ਚੁੱਕੇ ਹਨ ਤੇ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ | ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿਚ ਸ਼ਹਿਰ ਅੰਦਰ ਰੋਜ਼ਾਨਾ ਜਿੱਥੇ ਮੁਹੱਲਿਆਂ ਅੰਦਰ ਚੋਰਾਂ ਵਲੋਂ ਘਰ ਦੇ ਬਾਹਰ ਖੜੇ ਦੋ ਪਹੀਆ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉੱਥੇ ਚੋਰਾਂ ਨੇ ਪਿਛਲੇ ਸਮੇਂ ਵਿਚ ਆਪਣੇ ਨਿਸ਼ਾਨੇ ਤੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਅਤੇ ਨੇੜਲੇ ਖੇਤਰ ਨੂੰ ਪਹਿਲੇ ਨੰਬਰ 'ਤੇ ਰੱਖਿਆ ਤੇ ਦੋ ਪਹੀਆ ਵਾਹਨਾਂ ਦੇ ਨਾਲ ਹੋਰ ਸਮਾਨ ਨੂੰ ਚੋਰੀ ਕਰਕੇ ਘਟਨਾਵਾਂ ਨੂੰ ਅੰਜਾਮ ਦਿੱਤਾ | ਇੱਥੇ ਦੱਸਣਾ ਅਹਿਮ ਹੈ ਕਿ ਇਸ ਪਿੱਛੇ ਇਕੱਲੀ ਥਾਣਾ ਸਿਟੀ ਦੀ ਪੁਲਿਸ ਜ਼ਿੰਮੇਵਾਰ ਨਹੀਂ ਹੈ, ਬਲਕਿ ਹਸਪਤਾਲ ਦੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਵੀ ਜ਼ਿੰਮੇਵਾਰ ਹੈ | ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਕੂਟਰ ਸਟੈਂਡ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ | ਜਿਸ ਕਰਕੇ ਸਟਾਫ਼ ਤੇ ਮਰੀਜ਼ਾਂ ਦੇ ਨਾਲ ਆਏ ਰਿਸ਼ਤੇਦਾਰਾਂ ਨੂੰ ਆਪਣੇ ਦੋ ਪਹੀਆ ਵਹੀਕਲਾਂ ਨੂੰ ਬਚਾਉਣ ਲਈ ਵਾਰਡ ਅੰਦਰ ਖੜੇ ਕਰਨਾ ਮਜਬੂਰੀ ਬਣ ਚੁੱਕੀ ਹੈ | ਇੱਥੇ ਦੱਸਣਾ ਅਹਿਮ ਹੈ ਕਿ ਲੋਕਾਂ ਦੀ ਮੰਗ 'ਤੇ ਪਹਿਲਾਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਅੰਦਰ ਸਕੂਟਰ ਸਟੈਂਡ ਬਣਿਆ ਹੋਇਆ ਸੀ, ਜਿਸ ਕਰਕੇ ਚੋਰੀ ਦੀਆਂ ਵਾਰਦਾਤਾਂ 'ਤੇ ਨਕੇਲ ਕੱਸੀ ਗਈ ਸੀ, ਪਰ ਸਕੂਟਰ ਸਟੈਂਡ ਦੇ ਠੇਕੇ ਦੀ ਮਿਆਦ ਖ਼ਤਮ ਹੋਣ ਪਿੱਛੋਂ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ, ਜਿਸ ਕਰਕੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਪਿਛਲੇ ਸਮੇਂ ਵਿਚ ਚੋਰਾਂ ਵਲੋਂ ਹਸਪਤਾਲ ਵਿਚੋਂ ਏ.ਸੀ ਦੀਆਂ ਤਾਰਾਂ ਤੇ ਪਾਈਪ ਚੋਰੀ ਕਰਕੇ ਲਗਾਤਾਰ ਘਟਨਾਵਾਂ ਨੂੰ ਅੰਜਾਮ ਦਿੰਦੇ ਹੋਏ ਵੱਡਾ ਨੁਕਸਾਨ ਕੀਤਾ ਜਾ ਚੁੱਕਿਆ ਹੈ | ਇਸ ਦੇ ਚੱਲਦੇ ਇਕ ਦੋ ਪਹੀਆ ਵਾਹਨ ਦੇ ਚੋਰੀ ਹੋਣ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਭਾਰਤ ਨਗਰ ਦੇ ਵਾਸੀ ਰਾਜੇਸ਼ ਕੁਮਾਰ ਨਿੰਦੀ ਪੁੱਤਰ ਦਰਸ਼ਨ ਲਾਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਹ ਕਿਸੇ ਮਰੀਜ਼ ਦਾ ਪਤਾ ਲੈਣ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਆਏ ਸਨ, ਜਿੱਥੋਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ | ਪੀੜਤ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਦ ਆਪਣੇ ਮਰੀਜ਼ ਦਾ ਪਤਾ ਲੈਣ ਪਿੱਛੋਂ ਬਾਹਰ ਆਏ ਤਾਂ ਉਨ੍ਹਾਂ ਮੋਟਰਸਾਈਕਲ ਦਿਖਾਈ ਨਹੀਂ ਦਿੱਤਾ ਤਾਂ ਉਨ੍ਹਾਂ ਆਸ ਪਾਸ ਪੁੱਛਿਆ ਅਤੇ ਦੇਖ ਭਾਲ ਕੀਤੀ, ਪਰ ਕੋਈ ਜਾਣਕਾਰੀ ਨਹੀਂ ਮਿਲੀ | ਉਨ੍ਹਾਂ ਦੱਸਿਆ ਕਿ ਚੋਰੀ ਦੀ ਜਾਣਕਾਰੀ ਥਾਣਾ ਸਿਟੀ ਵਿਖੇ ਦੇ ਦਿੱਤੀ ਹੈ |