ਫ਼ਿਰੋਜ਼ਪੁਰ, 16 ਜੁਲਾਈ (ਅਜੀਤ ਬਿਊਰੋ)-ਅਕਸਰ ਸੁਣਨ 'ਚ ਆਉਂਦਾ ਹੈ ਕਿ ਪੁਲਿਸ ਇਲਾਕੇ ਵਿਚ ਚੋਰੀਆਂ, ਲੁੱਟਾਂ-ਖੋਹਾਂ ਤੇ ਝਪਟਮਾਰੀ ਦੀਆਂ ਵਾਪਰਦੀਆਂ ਘਟਨਾਵਾਂ ਸਬੰਧੀ ਦਰਖਾਸਤਾਂ ਤਾਂ ਲੈ ਕੇ ਰੱਖ ਲੈਂਦੀ ਹੈ ਪਰ ਛੇਤੀ ਕਿਤੇ ਪਰਚਾ ਦਰਜ ਨਹੀਂ ਕਰਦੀ ਤਾਂ ਜੋ ਉੱਚ ਅਧਿਕਾਰੀਆਂ ਕੋਲ ਸਬੰਧਿਤ ਥਾਣੇ ਦਾ ਅਕਸ ਸਾਫ਼ ਸੁਥਰਾ ਤੇ ਇਲਾਕਾ ਕ੍ਰਾਈਮ ਮੁਕਤ ਦਰਸਾਇਆ ਜਾ ਸਕੇ ਅਤੇ ਜੇ ਕਿਤੇ ਮਜਬੂਰੀ ਵੱਸ ਪਰਚਾ ਦਰਜ ਕਰਨਾ ਪੈ ਵੀ ਜਾਵੇ ਤਾਂ ਉਸ ਮਸਲੇ ਨੂੰ ਸੁਲਝਾਉਣਾ ਤਾਂ ਕੀ ਸ਼ਿਕਾਇਤਕਰਤਾ ਦੀ ਗੱਲ ਤੱਕ ਨਹੀਂ ਸੁਣੀ ਜਾਂਦੀ ਤੇ ਆਖ਼ਰ ਸ਼ਿਕਾਇਤਕਰਤਾ ਥੱਕ ਹਾਰ ਕੇ ਸਬਰ ਦਾ ਘੁੱਟ ਭਰ ਕੇ ਬਹਿ ਜਾਂਦਾ ਹੈ ਤੇ ਸਮਾਂ ਪਾ ਕੇ ਪੁਲਿਸ ਵਲੋਂ ਪਰਚਾ ਰੱਦ ਕਰਨ ਦੀ ਕਾਰਵਾਈ ਆਰੰਭ ਦਿੱਤੀ ਜਾਂਦੀ ਹੈ | ਅਜਿਹਾ ਹੀ ਮਾਮਲਾ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਸਾਹਮਣੇ ਆਇਆ ਹੈ ਜਿੱਥੇ ਰੋਜ਼ਾਨਾ 'ਅਜੀਤ' ਦੇ ਪੱਤਰਕਾਰ ਦੇ ਘਰ 'ਚ ਹੋਈ ਚੋਰੀ ਦੀ ਘਟਨਾ ਸਬੰਧੀ ਥਾਣਾ ਮੁਖੀ ਨੂੰ ਦਿੱਤੀ ਲਿਖਤੀ ਸ਼ਿਕਾਇਤ ਪਹਿਲਾਂ ਤਾਂ ਪੰਜ ਦਿਨ ਤੱਕ ਥਾਣੇ ਵਿਚ ਹੀ ਰੁਲਦੀ ਰਹੀ | ਆਖ਼ਰ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੇ ਧਿਆਨ ਵਿਚ ਲਿਆਉਣ 'ਤੇ ਮਿਲੀ ਘੁਰਕੀ ਤੋਂ ਬਾਅਦ ਨੀਂਦੋਂ ਜਾਗੀ ਸਿਟੀ ਪੁਲਿਸ ਵਲੋਂ 6 ਜੁਲਾਈ ਨੂੰ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰਕੇ ਪੱਲਾ ਝਾੜ ਲਿਆ | ਦੱਸ ਦੇਈਏ ਕਿ ਬੀਤੀ 28-29 ਜੂਨ ਦੀ ਦਰਮਿਆਨੀ ਰਾਤ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਪੱਤਰਕਾਰ ਗੁਰਿੰਦਰ ਸਿੰਘ ਦੇ ਬਗ਼ਦਾਦੀ ਗੇਟ ਸਥਿਤ ਪੁਰਾਣੇ ਘਰ ਦੇ ਤਾਲੇ ਤੋੜ ਕੇ ਘਰ ਵਿਚ ਬਜ਼ੁਰਗਾਂ ਦੀਆਂ ਪੇਟੀਆਂ ਵਿਚ ਪਿਆ ਕੀਮਤੀ ਸਮਾਨ ਜਿਸ ਵਿਚ ਪਿੱਤਲ ਦੀਆਂ ਦੋ ਗਾਗਰਾਂ, ਪਰਾਤ ਤੇ ਹੋਰ ਬਰਤਨ, ਘਰ ਦੇ ਬਣੇ 5 ਖੇਸ, ਦਰੀਆਂ ਆਦਿ ਤੋਂ ਇਲਾਵਾ 12 ਦੇ ਕਰੀਬ ਪਾਣੀ ਵਾਲੀਆਂ ਟੂਟੀਆਂ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ | ਪੱਤਰਕਾਰ ਗੁਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਅੱਜ ਪਰਚਾ ਦਰਜ ਹੋਏ ਨੂੰ ਵੀ 10 ਦਿਨ ਬੀਤ ਗਏ ਹਨ ਪਰ ਅੱਜ ਤੱਕ ਸਿਟੀ ਪੁਲਿਸ ਵਲੋਂ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ, ਇੱਥੋਂ ਤੱਕ ਕਿ ਪੁਲਿਸ ਨੂੰ ਦਿੱਤੀ ਸੀ.ਸੀ.ਟੀ.ਵੀ ਫੁਟੇਜ ਨੂੰ ਵੀ ਖੰਘਾਲਨ ਦੀ ਕੋਸ਼ਿਸ਼ ਨਹੀਂ ਕੀਤੀ | ਉਨ੍ਹਾਂ ਦੋਸ਼ ਲਾਇਆ ਕਿ ਵਾਰ ਵਾਰ ਫ਼ੋਨ ਕਰਨ ਦੇ ਬਾਵਜੂਦ ਥਾਣਾ ਸਿਟੀ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਵਲੋਂ ਫ਼ੋਨ ਨਹੀਂ ਚੁੱਕਿਆ ਜਾ ਰਿਹਾ ਜਦੋਂ ਕਿ ਸਬੰਧਿਤ ਤਫ਼ਤੀਸ਼ੀ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹ ਛੁੱਟੀ 'ਤੇ ਚੱਲ ਰਹੇ ਸਨ ਪਰ ਅੱਜ ਉਨ੍ਹਾਂ ਦੀ ਡਿਊਟੀ ਥਾਣੇ ਤੋਂ ਬਾਹਰ ਚੌਂਕੀ ਵਿਚ ਲਗਾ ਦਿੱਤੀ ਗਈ ਹੈ | ਥਾਣਾ ਸਿਟੀ ਪੁਲਿਸ ਦੀ ਅਜਿਹੀ ਕਾਰਗੁਜ਼ਾਰੀ ਤੋਂ ਸਪੱਸ਼ਟ ਹੈ ਕਿ ਸਿਟੀ ਪੁਲਿਸ ਵਲੋਂ ਚੋਰੀ ਨੂੰ ਟਰੇਸ ਕਰਨ ਵਿਚ ਵਰਤੀ ਜਾ ਰਹੀ ਢਿੱਲ ਰਾਹੀਂ ਚੋਰਾਂ ਨੂੰ ਹੋਰ ਖੁੱਲ੍ਹ ਕੇ ਕ੍ਰਾਈਮ ਕਰਨ ਦੀ ਛੁੱਟੀ ਦਿੱਤੀ ਜਾ ਰਹੀ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਐੱਸ.ਐੱਸ.ਪੀ ਦੇ ਆਦੇਸ਼ਾਂ ਅਨੁਸਾਰ ਪਰਚਾ ਦਰਜ ਕਰਨ ਵਾਲੀ ਸਿਟੀ ਪੁਲਿਸ ਕਦੋਂ ਤੱਕ ਇਸ ਮਾਮਲੇ ਨੂੰ ਨਿਪਟਾਉਂਦੀ ਹੈ ਜਾਂ ਇਹ ਪਰਚਾ ਵੀ ਆਮ ਵਾਂਗ ਸਮਾਂ ਪਾ ਕੇ ਦਫ਼ਤਰ ਦਾਖਲ ਕਰ ਦਿੱਤਾ ਜਾਵੇਗਾ |