ਗੁਰੂਹਰਸਹਾਏ, 16 ਜੁਲਾਈ (ਕਪਿਲ ਕੰਧਾਰੀ/ਹਰਚਰਨ ਸਿੰਘ ਸੰਧੂ)-ਬੀਤੇ ਦਿਨੀਂ ਕੁਟੀ ਮੋੜ ਗੁਰੂਹਰਸਹਾਏ ਵਿਖੇ ਰਹਿੰਦੇ ਇਕ ਨੌਜਵਾਨ ਨੂੰ ਉਸਦੇ ਹੀ ਦੋਸਤਾਂ ਵਲੋਂ ਧੱਕੇ ਨਾਲ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਸੀ ਜਿਸ ਤੋਂ ਬਾਅਦ ਉਹ ਨੌਜਵਾਨ ਬੇਹੋਸ਼ ਹੋ ਗਿਆ ਸੀ ਅਤੇ ਜਦੋਂ ਇਸ ਘਟਨਾ ਸਬੰਧੀ ਪਰਿਵਾਰਿਕ ਮੈਂਬਰਾਂ ਨੂੰ ਪਤਾ ਚੱਲਿਆ ਤਾਂ ਪਰਿਵਾਰਿਕ ਮੈਂਬਰਾਂ ਵਲੋਂ ਆਪਣੇ ਨੌਜਵਾਨ ਪੁੱਤਰ ਨੂੰ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਗੁਰੂਹਰਸਹਾਏ ਪੁਲਿਸ ਵਲੋਂ ਉਕਤ ਦੋਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਸੀ ਪਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਜਿਸ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਵਲੋਂ 2 ਦਿਨ ਪਹਿਲਾਂ ਵੀ ਥਾਣੇ ਦੇ ਬਾਹਰ ਧਰਨਾ ਲਗਾ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਗੁਹਾਰ ਲਗਾਈ ਗਈ ਸੀ ਤੇ ਉਸ ਸਮੇਂ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਲਦ ਹੀ ਮੁਲਜ਼ਮਾਂ ਨੂੰ ਫੜ੍ਹ ਲਿਆ ਜਾਵੇਗਾ ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵਲੋਂ ਦੋਨਾਂ ਮੁਲਜ਼ਮਾਂ ਨੂੰ ਫੜਿਆ ਨਹੀਂ ਗਿਆ | ਜਿਸ ਦੇ ਰੋਸ ਵਜੋਂ ਅੱਜ ਫਿਰ ਤੋਂ ਪਰਿਵਾਰ ਵਲੋਂ ਤੇ ਪਿੰਡ ਵਾਸੀਆਂ ਵਲੋਂ ਥਾਣੇ ਦੇ ਬਾਹਰ ਬੱਤੀਆਂ ਵਾਲੇ ਚੌਕ ਵਿਚ ਫ਼ਰੀਦਕੋਟ ਰੋਡ 'ਤੇ ਮਿ੍ਤਕ ਨੌਜਵਾਨ ਦੀ ਲਾਸ਼ ਨੂੰ ਰੱਖਕੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਜਾਣਬੁੱਝ ਕੇ ਮੁਲਜ਼ਮਾਂ ਨੂੰ ਨਹੀਂ ਫੜ ਰਹੀ ਤੇ ਮੁਲਜ਼ਮਾਂ ਦਾ ਸਾਥ ਦੇ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਜਦ ਤੱਕ ਮੁਲਜ਼ਮਾਂ ਨੂੰ ਫੜਿਆ ਨਹੀਂ ਜਾਂਦਾ, ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਉਹ ਆਪਣੇ ਨੌਜਵਾਨ ਪੁੱਤਰ ਦਾ ਅੰਤਿਮ ਸਸਕਾਰ ਨਹੀਂ ਕਰਨਗੇ | ਉੱਥੇ ਹੀ ਇਸ ਧਰਨੇ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਲੋਕ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ ਤੇ ਦੁਪਹਿਰ ਸਮੇਂ ਸਕੂਲਾਂ ਵਿਚ ਬੱਚਿਆਂ ਨੂੰ ਹੋਈ ਛੁੱਟੀ ਦੌਰਾਨ ਸਕੂਲੀ ਵੈਨਾਂ ਵੀ ਜਾਮ ਵਿਚ ਫਸੀਆਂ ਰਹੀਆਂ | ਉੱਥੇ ਹੀ ਪਰਿਵਾਰ ਦਾ ਸਮਰਥਨ ਕਰਨ ਲਈ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਸਮਾਜ ਸੇਵੀ ਦੀਪਕ ਸ਼ਰਮਾ ਵੀ ਧਰਨੇ ਵਾਲੇ ਸਥਾਨ 'ਤੇ ਪਹੁੰਚੇ ਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਗੱਲ ਆਖੀ | ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਮੁਲਜ਼ਮਾਂ ਨੂੰ ਫੜਦਾ ਹੈ ਜਾਂ ਪਰਿਵਾਰ ਨੂੰ ਇਸੇ ਤਰ੍ਹਾਂ ਹੀ ਆਪਣੇ ਪੁੱਤਰ ਦੀ ਲਾਸ਼ ਸੜਕ 'ਤੇ ਰੱਖ ਕੇ ਬੈਠਣਾ ਪਵੇਗਾ | ਉੱਥੇ ਹੀ ਭਾਰੀ ਮੀਂਹ 'ਚ ਪਰਿਵਾਰ ਦਾ ਧਰਨਾ ਜਾਰੀ ਰਿਹਾ |