ਸੰਗਰੂਰ, 21 ਜੁਲਾਈ (ਅਮਨਦੀਪ ਸਿੰਘ ਬਿੱਟਾ)-ਸੀ. ਪੀ. ਆਈ. (ਐੱਮ) ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਖੇੜੀ ਦੀ ਅਗਵਾਈ ਹੇਠ ਚਮਕ ਭਵਨ ਤੋਂ ਰੋਸ ਮੁਜ਼ਾਹਰਾ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਜਾ ਕੇ ਲੈਂਡ ਪੁਲਿੰਗ ਪਾਲਿਸੀ, ਸਮਾਰਟ ਬਿਜਲੀ ਮੀਟਰ ਨੀਤੀ ਨੂੰ ਰੱਦ ਕਰਨ ਲਈ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ | ਪੰਜਾਬ ਸਰਕਾਰ ਸ਼ਹਿਰਾਂ ਨਜ਼ਦੀਕ ਪੈਦੇ ਪਿੰਡਾਂ ਦੀ ਕਿਸਾਨੀ ਜ਼ਮੀਨ ਲੈਂਡ ਪੁਲਿੰਗ ਰਾਹੀ ਸ਼ਹਿਰੀ ਪ੍ਰੋਜੈਕਟ ਬਣਾਉਣ ਦੀ ਨੀਤੀ ਲੈ ਕੇ ਆਈ ਹੈ, ਇਹ ਕਿਸਾਨ ਵਿਰੋਧੀ ਹੈ | ਇਸ ਨੀਤੀ ਨੂੰ ਪੇਡੂ ਵਿਕਾਸ ਨੂੰ ਨਜ਼ਰਅੰਦਾਜ਼ ਕਰਨ ਦੀ ਨੀਤੀ ਕਰਾਰ ਦਿੰਦਿਆਂ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਇਸ ਨੀਤੀ ਰਾਹੀ ਕਿਸਾਨ ਦੀ ਸਲਾਹ ਤੋਂ ਬਿਨਾਂ ਧੱਕੇ ਨਾਲ ਜ਼ਮੀਨ ਖੋਹ ਕੇ ਰੀਅਲ ਅਸਟੇਟ ਅਤੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਵਾਲੀ ਹੈ | ਇਕ ਵਾਰ ਕਿਸਾਨ ਦੀ ਜ਼ਮੀਨ ਹਥਿਆਉਣ ਉਪਰੰਤ ਸਬੰਧਿਤ ਕਿਸਾਨ ਦੀ ਹਾਲਤ ਬੇਵਸੀ ਵਾਲੀ ਹੋਣ ਦੀ ਗੱਲ ਕਰਦਿਆਂ ਖੇੜੀ ਨੇ ਕਿਹਾ ਕਿ ਇਹ ਨੀਤੀ ਤੁਰੰਤ ਰੱਦ ਕੀਤੀ ਜਾਵੇ | ਉਨ੍ਹਾਂ ਕਿਹਾ ਇਸੇ ਤਰ੍ਹਾਂ ਕੇਂਦਰ ਸਰਕਾਰ ਦੀ ਹਦਾਇਤਾਂ ਉਪਰੰਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਖਪਤਕਾਰਾਂ ਲਈ ਸਮਾਰਟ ਮੀਟਰ ਪ੍ਰਣਾਲੀ ਲਾਗੂ ਕਰ ਰਹੀ ਹੈ | | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਿਤਾਂ ਵਿਰੁੱਧ ਨੀਤੀਆਂ ਦੇ ਵਾਪਸ ਹੋਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਕਾਮਰੇਡ ਜੋਗਾ ਸਿੰਘ ਉੱਪਲੀ, ਹਰਬੰਸ ਸਿੰਘ ਨਮੋਲ, ਜੋਗਿੰਦਰ ਸਿੰਘ ਵੱਧਣ, ਰੰਗੀ ਖਾਂ, ਸਤਿੰਦਰ ਪਾਲ ਸਿੰਘ, ਅਮਰਜੀਤ ਕੌਰ, ਡਾਕਟਰ ਵਰਿੰਦਰ ਕੌਸ਼ਿਕ, ਹਰਮੇਸ਼ ਕੌਰ ਰਾਏ ਸਿੰਘ ਵਾਲਾ, ਪਰਮਜੀਤ ਕੌਰ ਭੱਟੀਵਾਲ, ਗੁਰਮੀਤ ਸਿੰਘ ਬਲਿਆਲ, ਨੱਛਤਰ ਸਿੰਘ ਗੰਢੂਆ, ਇੰਦਰਜੀਤ ਸਿੰਘ ਛੰਨਾ, ਅਜੈਬ ਸਿੰਘ ਗੁਰਸੇਵਕ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ ਅਜਮੇਰ ਸਿੰਘ, ਬੱਲਮ ਸਿੰਘ, ਗੁਰਦਿਆਲ ਕਾਝਲਾ, ਰਣਜੀਤ ਸਿੰਘ ਨੇ ਵੀ ਵਿਚਾਰ ਪ੍ਰਗਟ ਕੀਤੇ |