23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਅਮਰਗੜ੍ਹ ਦੇ ਬਾਜ਼ਾਰ ਅੰਦਰ ਭਿਖਾਰੀਆਂ ਤੋਂ ਲੋਕ ਪ੍ਰੇਸ਼ਾਨ <br/>

ਅਜੀਤ ਡੈਸਕ 22-07-2025
ਅਮਰਗੜ੍ਹ, 21 ਜੁਲਾਈ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਪੰਜਾਬ ਦੇ ਵੱਡੇ ਸ਼ਹਿਰਾਂ ਦੀ ਤਰ੍ਹਾਂ ਅਮਰਗੜ੍ਹ ਦੇ ਬਾਜ਼ਾਰ ਅੰਦਰ ਭਿਖਾਰੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਜਿੱਥੇ ਖ਼ਰੀਦੋ ਫ਼ਰੋਖ਼ਤ ਕਰਨ ਆਉਣ ਵਾਲੇ ਵਿਅਕਤੀ ਇਨ੍ਹਾਂ ਭਿਖਾਰੀਆਂ ਤੋਂ ਡਾਢੇ ਪ੍ਰੇਸ਼ਾਨ ਹਨ ਉੱਥੇ ਇਹ ਵਰਤਾਰਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰਦਾ ਹੈ | ਸਥਾਨਕ ਬਾਜ਼ਾਰ ਅੰਦਰ ਕਰੜੀ ਧੁੱਪ ਵਿਚ ਕੁਝ ਭਿਖਾਰਨਾਂ ਪੰਜ ਛੇ ਮਹੀਨਿਆਂ ਦੇ ਮਾਸੂਮ ਬੱਚਿਆਂ ਨੂੰ ਕੁੱਛੜ ਚੁੱਕ ਕੇ ਜਾਂ ਫਿਰ ਕੱਪੜੇ ਨਾਲ ਬੰਨ੍ਹ ਕੇ ਢਿੱਡ ਨਾਲ ਲਮਕਾ ਲੈਂਦੀਆਂ ਹਨ ਅਤੇ ਲੋਕਾਂ ਤੋਂ ਪੈਸਿਆਂ ਦੀ ਭੀਖ ਮੰਗਦੀਆਂ ਹਨ ਕੁਝ ਲੋਕ ਮਾਸੂਮ ਬੱਚਿਆਂ ਤੇ ਤਰਸ ਖਾ ਕੇ ਇਨ੍ਹਾਂ ਨੂੰ ਪੈਸੇ ਦੇ ਦਿੰਦੇ ਹਨ ਪ੍ਰੰਤੂ ਕੁਝ ਸਮਾਜ ਸੇਵੀਆਂ ਨੇ ਇਸ ਵਰਤਾਰੇ ਨੂੰ ਮਾਸੂਮ ਬੱਚਿਆਂ ਤੇ ਤਸ਼ੱਦਦ ਕਰਾਰ ਦਿੰਦਿਆਂ ਇਨ੍ਹਾਂ ਭਿਖਾਰਨਾਂ ਜਾ ਇਨ੍ਹਾਂ ਤੋਂ ਭੀਖ ਮੰਗਵਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਭਾਵੇਂ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਭਿਖਾਰੀ ਮੁਕਤ ਬਣਾਉਣ, ਮਨੁੱਖੀ ਤਸਕਰੀ ਅਤੇ ਸ਼ੋਸ਼ਣ ਰੋਕ ਕੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਭਲਾਈ ਡਾਇਰੈਕਟਰ ਵਲੋਂ ਪ੍ਰੋਜੈਕਟ ਜੀਵਨਜੋਤ -2 ਤਹਿਤ ਭੀਖ ਮੰਗਣ ਵਾਲੇ ਬੱਚਿਆਂ ਦਾ ਡੀ ਐਨ ਏ ਟੈੱਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਤਾਂ ਜੋ ਮਾਸੂਮ ਬੱਚਿਆਂ ਦੇ ਅਸਲ ਮਾਤਾ ਪਿਤਾ ਦਾ ਪਤਾ ਲਗਾਇਆ ਜਾ ਸਕੇ, ਪਰ ਜਦੋਂ ਤੱਕ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਸੰਜੀਦਗੀ ਨਾਲ ਨਹੀਂ ਲੈਂਦੇ ਉਦੋਂ ਤੱਕ ਪੰਜਾਬ ਨੂੰ ਭਿਖਾਰੀ ਮੁਕਤ ਕਰਨਾ ਅਸੰਭਵ ਜਾਪਦਾ ਹੈ | ਜਦੋਂ ਇਸ ਸਬੰਧੀ ਮੈਡਮ ਸੁਰਿੰਦਰ ਕੌਰ ਐਸ.ਡੀ.ਐਮ. ਅਮਰਗੜ੍ਹ ਨਾਲ ਫ਼ੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਸਬੰਧੀ ਅਨਜਾਣਤਾ ਪ੍ਰਗਟ ਕਰਦਿਆਂ ਅਗਲੇ ਦਿਨ ਪਤਾ ਕਰ ਕੇ ਦੱਸਣ ਦੀ ਗੱਲ ਆਖੀ | ਜਦੋਂ ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਅਸੀਂ ਮਲੇਰਕੋਟਲਾ ਤੋਂ ਦੋ ਬੱਚੇ ਫੜੇ ਹਨ ਜਿਨ੍ਹਾਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਅਮਰਗੜ੍ਹ ਵੀ ਭਿਖਾਰੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾਵੇਗੀ |

ਪਿਛਲੀ ਖ਼ਬਰ ਪਿੰਡ ਦੇਹਲਾ ਸਿਹਾਂ ਵਿਖੇ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ, ਨਕਦੀ ਤੇ ਐੱਲ. ਸੀ. ਡੀ. ਕੀਤੀ ਚੋਰੀ ਅਗਲੀ ਖ਼ਬਰ ਪਿਸਤੌਲ, ਕਾਰਤੂਸਾਂ ਤੇ ਚਿੱਟੇ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।