ਮੂਨਕ, 21 ਜੁਲਾਈ (ਪ੍ਰਵੀਨ ਮਦਾਨ)-ਵਧਦੀਆਂ ਚੋਰੀ ਦੀਆਂ ਵਾਰਦਾਤਾਂ ਨਾਲ ਲੋਕਾਂ ਵਿਚ ਸਹਿਮ ਹੈ ਤਾਜੀ ਘਟਨਾ ਨੇੜਲੇ ਪਿੰਡ ਦੇਹਲਾ ਸੀਹਾਂ ਦੀ ਹੈ ਜਿੱਥੇ ਲੰਘੀ ਰਾਤ ਚੋਰਾਂ ਨੇ ਬੇਖ਼ੌਫ ਹੋ ਕੇ ਨਾਲ ਨਾਲ ਲੱਗਦੇ ਦੋ ਘਰਾਂ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਲੱਖਾਂ ਰੁਪਏ ਦੇ ਗਹਿਣੇ, ਨਕਦੀ ਤੇ ਐੱਲ. ਸੀ. ਡੀ. ਚੋਰੀ ਕਰ ਲਈ | ਚੋਰੀ ਦੀ ਘਟਨਾ ਦਾ ਦੋਵੇਂ ਪਰਿਵਾਰਾਂ ਨੂੰ ਸਵੇਰੇ ਜਾਗਣ ਤੋਂ ਬਾਅਦ ਪਤਾ ਲੱਗਾ | ਜਦੋਂ ਉਨ੍ਹਾਂ ਨੇ ਆਪਣੇ ਕਮਰਿਆਂ ਦੇ ਜਿੰਦਰੇ ਟੁੱਟੇ ਤੇ ਪੇਟੀਆਂ, ਅਲਮਾਰੀਆਂ ਦਾ ਸਮਾਨ ਖਿੱਲਰਿਆ ਪਿਆ ਵੇਖਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸੌਹਣ ਸਿੰਘ ਖਾਲਸਾ ਵਾਸੀ ਪਿੰਡ ਦੇਹਲਾ ਸ਼ੀਹਾਂ ਨੇ ਦੱਸਿਆ ਕਿ ਉਹ ਘਰ ਵਿਚ ਦੋਵੇਂ ਪਤੀ ਪਤਨੀ ਹਨ ਤੇ ਰਾਤ ਪੇਟੀਆਂ ਵਾਲੇ ਕਮਰੇ ਨੂੰ ਜਿੰਦਰਾ ਲਗਾ ਕੇ ਦੂਸਰੇ ਕਮਰੇ ਵਿਚ ਸੁੱਤੇ ਹੋਏ ਸੀ, ਜਦ ਸਵੇਰੇ ਉੱਠ ਕੇ ਉਨ੍ਹਾਂ ਵੇਖਿਆ ਤਾਂ ਕਮਰੇ ਦਾ ਦਰਵਾਜ਼ਾ ਖੁੱਲਾ, ਜਿੰਦਰਾ ਟੁੱਟਾ ਤੇ ਪੇਟੀ, ਟਰੰਕ ਵਿਚਲਾ ਸਮਾਨ ਖਿੱਲਰਿਆ ਪਿਆ ਸੀ ਤੇ ਕਰੀਬ ਪੰਜ ਤੋਲੇ ਸੋਨਾ ਗ਼ਾਇਬ ਸੀ, ਇਸੇ ਤਰ੍ਹਾਂ ਉਨ੍ਹਾਂ ਦੇ ਗੁਆਂਢੀ ਪੀੜਤ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਰਾਤ ਚੁਬਾਰੇ ਵਿਚ ਸੁੱਤਾ ਹੋਇਆ ਸੀ ਤੇ ਜਦੋਂ ਸਵੇਰੇ ਉੱਠੇ ਤਾਂ ਪੌੜੀਆਂ ਵਿਚ ਲੱਗਾ ਦਰਵਾਜ਼ਾ ਹੇਠੋਂ ਬੰਦ ਸੀ, ਜਦੋਂ ਅਸੀਂ ਦੂਸਰੇ ਪਾਸਿਉਂ ਹੇਠਾਂ ਜਾ ਕੇ ਵੇਖਿਆ ਤਾਂ ਪੇਟੀਆਂ ਵਾਲੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ, ਜਿੰਦਰਾ ਕਟਰ ਨਾਲ ਕੱਟਿਆ ਹੋਇਆ ਸੀ ਤੇ ਅੰਦਰ ਦੋ ਪੇਟੀਆਂ ਵਿਚ ਪਏ ਕੱਪੜੇ ਖਿੱਲਰੇ ਹੋਏ ਸੀ, ਦੇਖਣ ਤੇ ਪਤਾ ਚੱਲਿਆ ਕਿ ਪੇਟੀ ਵਿਚ ਪਿਆ ਕਰੀਬ 55 ਹਜ਼ਾਰ ਰੁਪਿਆ ਤੇ ਸਵਾ ਤੋਲੇ ਸੋਨਾ ਗ਼ਾਇਬ ਸੀ | ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਚੋਰੀ ਹੋਣ ਸਬੰਧੀ ਪਿੰਡ ਦੇ ਸਰਪੰਚ ਜਸਪਾਲ ਸਿੰਘ ਦੇਹਲਾ ਦੇ ਧਿਆਨ ਵਿਚ ਲਿਆਂਦਾ | ਗਿਆ ਜਿੰਨਾਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ | ਤੇ ਸਵੇਰ ਤੋਂ ਪੁਲਿਸ ਪ੍ਰਸ਼ਾਸਨ ਜਾਂਚ ਵਿਚ ਜੁੱਟਿਆ ਹੋਇਆ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡੂੰਘਾਈ ਨਾਲ ਜਾਂਚ ਕਰ ਕੇ ਸਾਡਾ ਚੋਰੀ ਹੋਇਆ ਸਮਾਨ ਬਰਾਮਦ ਕਰ ਕੇ ਸਾਨੂੰ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਬੰਦ ਕੀਤਾ ਜਾਵੇ |