ਪਿਸਤੌਲ, ਕਾਰਤੂਸਾਂ ਤੇ ਚਿੱਟੇ ਸਮੇਤ ਕਾਬੂ
ਅਜੀਤ ਡੈਸਕ
22-07-2025
ਸੰਗਰੂਰ, 21 ਜੁਲਾਈ (ਅਮਨਦੀਪ ਸਿੰਘ ਬਿੱਟਾ)-ਸੀ. ਆਈ. ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਟੀਮ ਨੇ ਇਕ ਵਿਅਕਤੀ ਸੁਖਪ੍ਰੀਤ ਸਿੰਘ ਵਾਸੀ ਗੋਬਿੰਦਰਪੁਰਾ ਨਾਗਰੀ ਤੋਂ ਇਕ ਪਿਸਤੌਲ ਸਮੇਤ ਦੋ ਕਾਰਤੂਸ ਅਤੇ ਨਸ਼ੀਲਾ ਪਦਾਰਥ ਚਿੱਟਾ 50 ਗ੍ਰਾਮ ਬਰਾਮਦ ਕਰਨ ਵਿਚ ਅਹਿਮ ਸਫਲਤਾ ਹਾਸਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸੀ.ਆਈ.ਏ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਥਾਣੇਦਾਰ ਜਗਸੀਰ ਸਿੰਘ ਨਾਲ ਸੀ. ਆਈ. ਏ. ਟੀਮ ਸੂਏ ਦੀ ਪਟੜੀ ਨਾਲ ਜਾਂਦੀ ਸੜਕ ਜੋ ਪਿੰਡ ਥਲੇਸਾ ਨੂੰ ਜਾਂਦੀ ਹੈ, ਵਿਖੇ ਨਾਕਾਬੰਦੀ ਕੀਤੀ ਹੋਈ ਸੀ | ਪਿੰਡ ਜੁੱਲਮਗੜ੍ਹ ਦੇ ਸ਼ਮਸ਼ਾਨਘਾਟ ਨਜ਼ਦੀਕ ਪੁਲਿਸ ਪਾਰਟੀ ਨੂੰ ਸਾਹਮਣੇ ਤੋਂ ਇਕ ਚਿੱਟੇ ਰੰਗ ਦੀ ਕਾਰ ਆਉਂਦੀ ਦਿਖਾਈ ਦਿੱਤੀ ਤਾਂ ਪੁਲਿਸ ਅਧਿਕਾਰੀ ਨੇ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਕਾਰ ਚਾਲਕ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਇਕਦਮ ਆਪਣੀ ਕਾਰ ਰੋਕ ਕੇ ਪਿੱਛੇ ਨੂੰ ਮੋੜਨ ਲੱਗ ਪਿਆ | ਇਸ ਦੌਰਾਨ ਕਾਰ ਅਚਾਨਕ ਬੰਦ ਹੋ ਗਈ ਅਤੇ ਕਾਰ ਚਾਲਕ ਤਾਕੀ ਖੋਲ੍ਹ ਕੇ ਭੱਜਣ ਲੱਗ ਪਿਆ | ਭੱਜੇ ਜਾਂਦੇ ਕਾਰ ਚਾਲਕ ਨੇ ਆਪਣੇ ਲੋਅਰ ਦੀ ਸੱਜੀ ਜੇਬ ਵਿਚੋਂ ਇੱਕ ਲਿਫਾਫੀ ਪਲਾਸਟਿਕ ਵਜ਼ਨਦਾਰ ਕੱਢ ਕੇ ਸੂਏ ਦੀ ਪਟੜੀ ਦੇ ਨਾਲ ਸੁੱਟ ਦਿੱਤੀ | ਉਸ ਵਲੋਂ ਸੁੱਟੀ ਲਿਫਾਫੀ ਪਲਾਸਟਿਕ ਲਿਫਾਫੀ ਪਾਰਦਰਸ਼ੀ ਵਿਚੋਂ ਨਸ਼ੀਲਾ ਪਦਾਰਥ ਹੈਰੋਇਨ (ਚਿੱਟਾ) ਦਿਖਾਈ ਦੇ ਰਿਹਾ ਸੀ | ਇਸ ਉਪਰੰਤ ਥਾਣੇਦਾਰ ਜਗਸੀਰ ਸਿੰਘ ਨੇ ਕਾਰ ਦੇ ਡੈਸਬੋਰਡ ਨੂੰ ਚੈੱਕ ਕਰਨ ਉੱਤੇ ਉਸ ਵਿਚੋਂ ਇੱਕ ਪਿਸਤੌਲ 30 ਬੋਰ ਦੇਸੀ ਬਰਾਮਦ ਹੋਇਆ | ਜਦ ਪਿਸਟਲ ਵਿਚੋਂ ਮੈਗਜ਼ੀਨ ਉਤਾਰ ਕੇ ਅਣਲੋਡ ਕੀਤਾ ਤਾਂ ਮੈਗਜਿਨ ਵਿਚੋਂ ਦੋ ਕਾਰਤੂਸ ਜਿੰਦਾ 30 ਬੋਰ ਬਰਾਮਦ ਹੋਏ | ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਸਬੰਧਤ ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਵਾਸੀ ਗੋਬਿੰਦਪੁਰਾ ਨਾਗਰੀ ਥਾਣਾ ਛਾਜਲੀ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਸਬੰਧਿਤ ਵਿਅਕਤੀ ਖ਼ਿਲਾਫ਼ ਪਹਿਲਾ ਵੀ ਮਾਮਲੇ ਦਰਜ ਹਨ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਉਸ ਖ਼ਿਲਾਫ਼ ਥਾਣਾ ਸਦਰ ਸੰਗਰੂਰ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅੱਜ ਉਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ | ਉਨ੍ਹਾਂ ਆਸ ਪ੍ਰਗਟਾਈ ਕਿ ਸੁਖਪ੍ਰੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖ਼ੁਲਾਸੇ ਹੋਣ ਦਾ ਸੰਭਾਵਨਾ ਹੈ |