ਸੰਗਰੂਰ, 20 ਜੁਲਾਈ (ਅਮਨਦੀਪ ਸਿੰਘ ਬਿੱਟਾ)-ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ ਹੇਠ ਨਵਾਂ ਮਸਤੂਆਣਾ ਗੁਰਦੁਆਰਾ ਸਾਹਿਬ ਮੰਗਵਾਲ ਵਿਖੇ ਹੋਈ | ਮੀਟਿੰਗ 'ਚ ਰਾਮਪਾਲ ਸੁਨਾਮ, ਗੁਰਦੀਪ ਸਿੰਘ ਕੰਮੋਮਾਜਰਾ, ਜਰਨੈਲ ਸਿੰਘ ਸੰਗਰੂਰ, ਰਣਜੀਤ ਸਿੰਘ ਨੇ ਆਪਣੇ ਵਿਚਾਰ ਰੱਖੇ | ਮੀਟਿੰਗ 'ਚ 28 ਜੁਲਾਈ ਨੂੰ ਲਹਿਰਾ ਵਿਖੇ ਕੈਬਨਿਟ ਮੰਤਰੀ ਸ੍ਰੀ ਵਰਿੰਦਰ ਗੋਇਲ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ | ਪ੍ਰਦਰਸ਼ਨ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਭਾਖੜਾ ਨਹਿਰ ਘੱਗਰ ਦਰਿਆ ਉੱਪਰ ਦੀ ਲੰਘਦੀ ਹੈ, ਵੱਡੇ ਪੱਧਰ 'ਤੇ ਉਸ ਦੀ ਲੀਕੇਜ ਹੋ ਰਹੀ ਹੈ, ਜਿਸ ਕਾਰਨ ਪੁਲ ਟੁੱਟਣ ਦਾ ਖ਼ਤਰਾ ਬਣਿਆਂ ਹੋਇਆ ਹੈ | ਇਸ ਤੋਂ ਇਲਾਵਾ ਘੱਗਰ ਦਰਿਆ 'ਤੇ ਸਰਕਾਰ ਜੋ ਦਰਖ਼ਤ ਲਗਾ ਰਹੀ ਹੈ, ਇਹ ਵੀ ਵੱਡਾ ਖ਼ਤਰਾ ਸਾਬਤ ਹੋ ਸਕਦੇ ਹਨ ਕਿਉਂਕਿ ਕਿਸੇ ਵੀ ਵੇਲੇ ਸੰਭਾਵੀ ਝੱਖੜ ਦੇ ਕਾਰਨ ਇਹ ਦਰੱਖ਼ਤ ਪਾਣੀ 'ਚ ਡਿਗ ਕੇ ਪਾਣੀ ਦੇ ਵਹਿਨ ਨੂੰ ਰੋਕ ਸਕਦੇ ਹਨ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀ ਦੇ ਰਿਹਾ ਹੈ | ਜੇ ਇਨ੍ਹਾਂ ਕਾਰਨਾਂ ਦੇ ਚੱਲਦਿਆਂ ਘੱਗਰ ਟੁੱਟਦਾ ਹੈ ਤਾਂ ਫ਼ਸਲਾਂ ਦਾ ਵੱਡਾ ਨੁਕਸਾਨ ਹੋਣਾ ਸੁਭਾਵਿਕ ਹੈ | ਇਸ ਲਈ ਸਰਕਾਰ ਤੇ ਪ੍ਰਸ਼ਾਸਨ ਦਾ ਧਿਆਨ ਦਿਵਾਉਣ ਲਈ 28 ਦੇ ਲਹਿਰੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ |