ਮਲੇਰਕੋਟਲਾ, 18 ਜੁਲਾਈ (ਮਨਜਿੰਦਰ ਸਿੰਘ ਸਰੌਦ)-ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ 'ਚ ਆਉਣ ਤੋਂ ਬਾਅਦ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਜਿੱਥੇ ਵਿਕਾਸ ਦੇ ਰੁਕੇ ਹੋਏ ਕੰਮਾਂ ਨੂੰ ਨੇਪਰੇ ਚਾੜ੍ਹਨ ਦੇ ਲਈ ਵੱਡੀ ਤਤਪਰਤਾ ਵਿਖਾਉਂਦਿਆਂ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸੂਬੇ ਦੇ ਕੈਬਨਿਟ ਮੰਤਰੀਆਂ ਦੇ ਨਾਲ ਤਾਲਮੇਲ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਤੱਕ ਨੂੰ ਮਿਲ ਕੇ ਹਲਕੇ ਦੇ ਵਿਕਾਸ ਲਈ ਯੋਜਨਾਬੱਧ ਤਰੀਕੇ ਨਾਲ ਸਾਰੀ ਕਾਰਵਾਈ ਨੂੰ ਅੰਜਾਮ ਵਿਚ ਲਿਆਂਦਾ ਗਿਆ | ਉਨ੍ਹਾਂ ਵਲੋਂ ਖੇਤੀ ਸੈਕਟਰ ਦੇ ਅੰਦਰ ਵੱਡੀ ਮੱਲ ਮਾਰਦਿਆਂ ਹਲਕੇ ਦੇ ਕਿਸਾਨਾਂ ਦੀ ਨਹਿਰੀ ਪਾਣੀ ਦੀ ਅਹਿਮ ਮੰਗ ਨੂੰ ਨੇਪਰੇ ਚਾੜ੍ਹਨ ਦੇ ਲਈ ਲਗਪਗ 111 ਕਰੋੜ ਰੁਪਏ ਦੀ ਲਾਗਤ ਨਾਲ ਖਾਲ ਤੇ ਜ਼ਮੀਨਦੋਜ਼ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਤਾਂਕਿ ਕਿਸੇ ਵੀ ਕਿਸਾਨ ਦਾ ਖੇਤ ਪਾਣੀ ਤੋਂ ਵਾਂਝਾ ਨਾ ਰਹੇ | ਹੈਰਾਨੀਜਨਕ ਤੱਥ ਇਹ ਹੈ ਕਿ ਉਨ੍ਹਾਂ ਖੇਤਾਂ ਅੰਦਰ ਵੀ ਨਹਿਰੀ ਪਾਣੀ ਦੀ ਆਮਦ ਵੇਖੀ ਜਾ ਸਕਦੀ ਹੈ ਜਿੱਥੇ 40 ਵਰਿ੍ਹਆ ਤੋਂ ਪਾਣੀ ਦੀ ਇੱਕ ਤਿੱਪ ਵੀ ਨਹੀਂ ਸੀ ਪਹੁੰਚੀ | ਉਸ ਤੋਂ ਬਾਅਦ ਪ੍ਰੋ. ਗੱਜਣਮਾਜਰਾ ਦੀ ਬਦੌਲਤ ਜ਼ਿਲ੍ਹਾ ਮਲੇਰਕੋਟਲਾ ਦੀਆਂ 2 ਸਬ ਡਵੀਜ਼ਨਾਂ ਅਹਿਮਦਗੜ੍ਹ ਤੇ ਅਮਰਗੜ੍ਹ ਦੇ ਅੰਦਰ ਕਰੀਬ 13 ਕਰੋੜ 22 ਲੱਖ ਰੁਪਏ ਦੀ ਲਾਗਤ ਨਾਲ 2 ਨਵੇਂ ਤਹਿਸੀਲ ਕੰਪਲੈਕਸਾਂ ਦਾ ਲੋਕ ਅਰਪਣ ਹੋਣਾ ਵੀ ਜ਼ਿਲ੍ਹੇ ਦੇ ਅੰਦਰ ਇੱਕ 'ਨਵੇਂ ਇਨਕਲਾਬ' ਦੀ ਸ਼ੁਰੂਆਤ ਆਖੀ ਜਾ ਸਕਦੀ ਹੈ | ਮਲੇਰਕੋਟਲਾ-ਜੌੜੇਪੁਲ ਮੁੱਖ ਸੜਕ ਨੂੰ ਚੌੜੀ ਕਰਨ ਦੇ ਲਈ ਕਰੀਬ 45 ਕਰੋੜ ਰੁਪਏ ਲਾਗਤ ਨਾਲ ਸ਼ੁਰੂ ਹੋਣ ਵਾਲੇ ਕੰਮ ਸਬੰਧੀ ਪ੍ਰੋ. ਗੱਜਣਮਾਜਰਾ ਦਾ ਕਹਿਣਾ ਹੈ ਕਿ ਕੁਝ ਕਾਗ਼ਜ਼ੀ ਕਾਰਵਾਈ ਤੋਂ ਬਾਅਦ ਇਸ ਸੜਕ ਦਾ ਸ਼ੁਰੂ ਹੋਣ ਵਾਲਾ ਨਵੀਨੀਕਰਨ ਵੀ ਜ਼ਿਲ੍ਹੇ ਦੇ ਲੋਕਾਂ ਲਈ ਕਿਸੇ ਅਜੂਬੇ ਤੋਂ ਘੱਟ ਨਹੀਂ ਹੋਵੇਗਾ |