ਸੰਗਰੂਰ, 17 ਜੁਲਾਈ (ਅਮਨਦੀਪ ਸਿੰਘ ਬਿੱਟਾ)-ਫ਼ਿਲਮੀ ਅੰਦਾਜ਼ ਵਿਚ ਸੰਗਰੂਰ ਦੇ ਪਿੰਡ ਬਾਲੀਆ ਵਿਖੇ ਵਾਪਰੀ ਇਕ ਦਿਲਚਸਪ ਘਟਨਾ ਦੌਰਾਨ ਇਕ ਵਿਅਕਤੀ ਵਲੋਂ ਆਪਣੇ ਪਿਤਾ ਦੀ ਮੌਤ ਦਾ ਜਾਅਲੀ ਸਰਟੀਫ਼ਿਕੇਟ ਬਣਾ ਕੇ ਜੀਵਨ ਬੀਮਾ ਪਾਲਿਸੀ ਦੀ ਕੁੱਲ 17,93,917 ਰੁਪਏ ਦਾ ਕਲੇਮ ਹਾਸਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਥਾਣਾ ਸਿਟੀ ਸੰਗਰੂਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਐੱਸ. ਐੱਚ. ਓ. ਸਿਟੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਕਰਵਾਈ ਜਾਂਚ ਉਪਰੰਤ ਯਾਦਵਿੰਦਰ ਸਿੰਘ ਪਿੰਡ ਬਾਲੀਆ ਤੇ ਰੂਪ ਰਾਣੀ ਵਾਸੀ ਦਿੜ੍ਹਬਾ ਖ਼ਿਲਾਫ਼ ਦਰਜ ਕੀਤਾ ਗਿਆ ਹੈ | ਇਸ ਸਾਰੇ ਮਸਲੇ ਦੀ ਦਿਲਚਸਪ ਘਟਨਾ ਉਸ ਵੇਲੇ ਸਾਹਮਣੇ ਆਉਂਦੀ ਹੈ ਜਦ ਕੋਈ ਅਣਪਛਾਤਾ ਵਿਅਕਤੀ ਪੁਲਿਸ ਅਧਿਕਾਰੀ ਕੋਲ ਦਰਖਾਸਤ ਦਿੰਦਾ ਹੈ ਕਿ ਉਹ ਬਾਲੀਆ ਪਿੰਡ ਦਾ ਵਸਨੀਕ ਹੈ ਅਤੇ ਸਬੰਧਤ ਵਿਅਕਤੀ ਅਨੁਸਾਰ ਉਸ ਦੇ ਪਿੰਡ ਦਾ ਇਕ ਵਿਅਕਤੀ ਅਮਰਜੀਤ ਸਿੰਘ ਉਰਫ਼ ਭਿੰਨਾ ਹੈ ਜੋ ਅੱਤ ਦਾ ਬੇਈਮਾਨ, ਚਲਾਕ ਹੈ ਅਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਵਿਅਕਤੀ ਹੈ | ਅਮਰਜੀਤ ਸਿੰਘ ਵਲੋਂ ਆਪਣਾ ਜੀਵਨ ਬੀਮਾ ਐੱਚ.ਡੀ.ਐੱਫ.ਸੀ. ਬੈਂਕ ਕੋਲਾ ਪਾਰਕ ਤੋਂ ਕਰਵਾਉਣ ਦੀ ਗੱਲ ਕਰਦਿਆਂ ਸਬੰਧਤ ਅਣਪਛਾਤਾ ਵਿਅਕਤੀ ਆਪਣੀ ਦਰਖਾਸਤ ਵਿਚ ਬਿਆਨ ਕਰਦਾ ਹੈ ਕਿ ਉਸ ਦੇ ਲੜਕੇ ਯਾਦਵਿੰਦਰ ਸਿੰਘ ਨੇ 18 ਲੱਖ ਰੁਪਏ ਦੇ ਕਰੀਬ ਜੀਵਨ ਬੀਮਾ ਰਾਸ਼ੀ ਆਪਣੇ ਖਾਤੇ ਵਿਚ ਪਵਾ ਲਈ ਹੈ | ਯਾਦਵਿੰਦਰ ਸਿੰਘ ਵਲੋਂ ਪਿਛਲੇ ਸਮੇਂ ਦੌਰਾਨ ਮੰਦਰ ਬਾਲੀਆ ਵਿਖੇ ਚੋਰੀ ਕੀਤੀ ਸੀ, ਜਿਸ ਦਾ ਕੇਸ ਚੱਲ ਰਿਹਾ ਹੈ | ਇਸ ਉਪਰੰਤ ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਵਲੋਂ ਜਦ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਯਾਦਵਿੰਦਰ ਸਿੰਘ ਨੇ ਬੈਂਕ ਵਿਚ ਕੰਮ ਕਰਦੀ ਰੂਪਾ ਰਾਣੀ ਨਾਲ ਮਿਲੀਭੁਗਤ ਕਰ ਕੇ ਆਪਣੇ ਪਿਤਾ ਅਮਰਜੀਤ ਸਿੰਘ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਤਿਆਰ ਕਰਵਾ ਕੇ 17 ਲੱਖ 93 ਹਜ਼ਾਰ 917 ਰੁਪਏ ਦਾ ਕਲੇਮ ਹਾਸਲ ਕਰ ਲਿਆ ਹੈ | ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਮਰਜੀਤ ਸਿੰਘ ਵਾਸੀ ਬਾਲੀਆ ਦੀ ਪਤਨੀ ਪਰਮਜੀਤ ਕੌਰ ਦੀ ਮੌਤ ਹੋ ਚੁੱਕੀ ਹੈ | ਅਮਰਜੀਤ ਸਿੰਘ ਦਾ ਲੜਕਾ ਯਾਦਵਿੰਦਰ ਸਿੰਘ ਸ਼ਾਦੀਸ਼ੁਦਾ ਹੈ ਅਤੇ ਨਸ਼ਾ ਪੱਤਾ ਕਰਨ ਦਾ ਆਦੀ ਹੈ | ਅਮਰਜੀਤ ਸਿੰਘ ਨੇ ਆਪਣੇ ਲੜਕੇ ਦੇ ਦਬਾਅ ਕਾਰਨ ਆਪਣੀ ਸਾਰੀ ਜ਼ਮੀਨ 17 ਵਿੱਘੇ 11 ਵਿਸਵੇ 10 ਵਿਸਵਾਸੀਆ ਲੜਕੇ ਦਾ ਨਾਂਅ ਕਰਵਾ ਦਿੱਤੀ ਸੀ | ਇਸ ਉਪਰੰਤ ਅਮਰਜੀਤ ਸਿੰਘ ਆਪਣਾ ਘਰ ਬਾਰ ਛੱਡ ਕੇ ਘਰ ਤੋਂ ਬਾਹਰ ਜੀਰਕਪੁਰ ਪਟਿਆਲਾ ਵਗ਼ੈਰਾ ਸ਼ਹਿਰਾਂ ਵਿਚ ਸਕਿਉਰਿਟੀ ਗਾਰਡ ਦੀ ਨੌਕਰੀ ਕਰਨ ਲੱਗ ਪਿਆ ਸੀ | ਇਸ ਦੌਰਾਨ ਯਾਦਵਿੰਦਰ ਸਿੰਘ ਨੇ 6 ਵਿੱਘੇ 5 ਵਿਸਵੇ ਜ਼ਮੀਨ ਦਾ ਸੌਦਾ ਰੀਤਇੰਦਰ ਕੌਰ ਵਾਸੀ ਬਾਲੀਆ ਦੇ ਨਾਮ ਰਜਿਸਟਰੀ ਕਰਵਾ ਦਿੱਤੀ ਸੀ, ਜਿਸ ਦਾ ਪਤਾ ਲੱਗਣ ਉੱਤੇ ਅਮਰਜੀਤ ਸਿੰਘ ਨੇ ਇੰਤਕਾਲ ਉੱਤੇ ਰੋਕ ਲਗਵਾ ਦਿੱਤੀ ਸੀ | ਅਮਰਜੀਤ ਸਿੰਘ ਨੇ ਆਪਣੇ ਲੜਕੇ ਤੋਂ ਜ਼ਮੀਨ ਵਾਪਸ ਲੈਣ ਲਈ ਕੇਸ ਜੋ ਐੱਸ.ਡੀ.ਐੱਮ. ਧੂਰੀ ਕੋਲ ਚੱਲ ਰਿਹਾ ਹੈ, ਵਿਖੇ ਉਨ੍ਹਾਂ ਦੀ ਅਦਾਲਤ ਵਿਚ ਕੀਤਾ ਹੋਇਆ ਹੈ | ਯਾਦਵਿੰਦਰ ਸਿੰਘ ਉੱਤੇ ਚੋਰੀ ਦਾ ਮੁਕੱਦਮਾ ਥਾਣਾ ਸਦਰ ਧੂਰੀ ਵਿਖੇ ਦਰਜ ਹੈ | ਇਸ ਦੌਰਾਨ ਜਦ ਯਾਦਵਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਉਸ ਦੇ ਪਿਤਾ ਦੀਆਂ ਐੱਚ.ਡੀ.ਐੱਫ.ਸੀ. ਬੈਂਕ ਵਿਖੇ ਜੀਵਨ ਬੀਮਾ ਪਾਲਿਸੀ ਚੱਲ ਰਹੀਆ ਹਨ ਤਾਂ ਉਸ ਨੇ ਬੈਂਕ ਵਿਚ ਕੰਮ ਕਰਦੀ ਰੂਪਾ ਰਾਣੀ ਨਾਲ ਮਿਲ ਕੇ ਉਪਰੋਕਤ ਘਟਨਾ ਨੂੰ ਵੀ ਅੰਜਾਮ ਦਿੱਤਾ ਹੈ | ਇਸ ਮਾਮਲੇ ਦੀ ਅਗਲੇਰੀ ਜਾਂਚ ਏ.ਐੱਸ.ਆਈ. ਗੁਰਲਾਲ ਸਿੰਘ ਕਰ ਰਹੇ ਹਨ |