ਅਮਰਗੜ੍ਹ, 17 ਜੁਲਾਈ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਵਿਦੇਸ਼ ਜਾਣ ਦੇ ਸੁਪਨੇ ਦੇਖਣ ਵਾਲੇ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ | ਨੇੜਲੇ ਪਿੰਡ ਭੜੀ ਮਾਨਸਾ ਦੇ ਵਸਨੀਕ ਗੁਰਜੰਟ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਅਮਰਗੜ੍ਹ ਪੁਲਿਸ ਨੇ ਤਿੰਨ ਜਣਿਆਂ ਖ਼ਿਲਾਫ਼ ਠੱਗੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਨੇ ਕਥਿਤ ਦੋਸ਼ ਲਾਇਆ ਹੈ ਕਿ ਮੁਲਜ਼ਮਾਂ ਨੇ ਫ਼ਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਸ ਨੂੰ ਇਟਲੀ ਭੇਜਣ ਦਾ ਲਾਲਚ ਦਿੱਤਾ ਅਤੇ ਇਸ ਬਹਾਨੇ ਸਾਢੇ ਬਾਰਾਂ ਲੱਖ ਰੁਪਏ ਦੀ ਵੱਡੀ ਰਕਮ ਦੀ ਠੱਗੀ ਮਾਰੀ | ਸ਼ਿਕਾਇਤਕਰਤਾ ਅਨੁਸਾਰ, ਮੁਲਜ਼ਮਾਂ ਦੀ ਪਛਾਣ ਤੇਗ਼ ਪ੍ਰਤਾਪ ਸਿੰਘ, ਰਮਨਦੀਪ ਕੌਰ ਅਤੇ ਕਰਮਜੀਤ ਸਿੰਘ ਪਾਰੀਆ ਜੋ ਕਿ ਹੁਣ ਇਟਲੀ ਵਿਚ ਰਹਿ ਰਿਹਾ ਹੈ, ਵਜੋਂ ਹੋਈ ਹੈ | ਗੁਰਜੰਟ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਿਕ ਇਨ੍ਹਾਂ ਵਿਅਕਤੀਆਂ ਨੇ ਉਸ ਨੂੰ ਇਟਲੀ ਵਿਚ ਨੌਕਰੀ ਅਤੇ ਸੈਟਲਮੈਂਟ ਦਾ ਸੁਪਨਾ ਵਿਖਾਇਆ ਅਤੇ ਫ਼ਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਉਸ ਤੋਂ ਵੱਡੀ ਰਕਮ ਐਂਠ ਲਈ | ਐੱਸ. ਐੱਸ. ਪੀ. ਮਲੇਰਕੋਟਲਾ ਦੇ ਸਖ਼ਤ ਹੁਕਮਾਂ 'ਤੇ ਅਮਰਗੜ੍ਹ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਧੋਖਾਧੜੀ ਅਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਅਧੀਨ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਘਟਨਾ ਨੇ ਇੱਕ ਵਾਰ ਫਿਰ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ | ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਜੋ ਵਿਦੇਸ਼ ਭੇਜਣ ਦੇ ਨਾਂਅ 'ਤੇ ਵੱਡੀਆਂ ਰਕਮਾਂ ਦੀ ਮੰਗ ਕਰਦੇ ਹਨ | ਉਨ੍ਹਾਂ ਨੇ ਸਲਾਹ ਦਿੱਤੀ ਕਿ ਕਿਸੇ ਵੀ ਏਜੰਟ ਜਾਂ ਵਿਅਕਤੀ ਨੂੰ ਪੈਸੇ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਤਸਦੀਕ ਕਰ ਲਈ ਜਾਵੇ ਤੇ ਸਰਕਾਰੀ ਮਾਨਤਾ ਪ੍ਰਾਪਤ ਏਜੰਸੀਆਂ ਦੀ ਸਹਾਇਤਾ ਲਈ ਜਾਵੇ |