ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੀ ਪੁਲਿਸ ਨੇ ਗੈਂਗਸਟਰ ਵਲੋਂ ਕਾਰੋਬਾਰੀ ਤੋਂ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪ੍ਰਾਪਰਟੀ ਕਾਰੋਬਾਰੀ ਮਨਮੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਜਗਜੀਤ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕਿ ਦਰਜ ਕੀਤਾ ਗਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦਾ ਪ੍ਰਾਪਰਟੀ ਦਾ ਕਾਰੋਬਾਰ ਹੈ ਤੇ ਬੀਤੇ ਦਿਨ ਇਕ ਅਣਪਛਾਤੇ ਨੌਜਵਾਨ ਵਲੋਂ ਉਸਨੂੰ ਮੋਬਾਈਲ 'ਤੇ ਕਾਲ ਕੀਤੀ ਗਈ ਤੇ ਇਸ ਦੌਰਾਨ ਉਕਤ ਕਥਿਤ ਦੋਸ਼ੀ ਨੇ ਆਪਣੇ-ਆਪ ਨੂੰ ਗੋਪੀ ਲਹੌਰੀਆ ਗੈਂਗਸਟਰ ਦੱਸ ਕੇ ਉਸ ਪਾਸੋਂ 50 ਲੱਖ ਦੀ ਫਿਰੌਤੀ ਦੀ ਮੰਗ ਕੀਤੀ | ਫਿਰੌਤੀ ਨਾਂਅ ਦੇਣ ਦੀ ਸੂਰਤ ਵਿਚ ਉਸਨੂੰ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕਤਲ ਕਰਨ ਦੀ ਵੀ ਧਮਕੀ ਦਿੱਤੀ ਗਈ | ਉਸ ਦੱਸਿਆ ਕਿ ਉਸਨੇ ਇਸ ਗੱਲ ਨੂੰ ਅਣਗੌਲਿਆ ਕਰ ਦਿੱਤਾ, ਪਰ ਬੀਤੇ ਦਿਨ ਉਸਨੂੰ ਮੁੜ ਤੋਂ ਕਾਲ ਆਈ ਤੇ ਉਸ ਪਾਸੋਂ ਮੁੜ ਤੋਂ ਫਿਰੌਤੀ ਮੰਗੀ ਗਈ, ਜਿਸ 'ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕਿ ਦਰਜ ਕਰ ਲਿਆ | ਜਾਂਚ ਕਰ ਰਹੀ ਅਧਿਕਾਰੀ ਐਸ.ਐਚ.ਓ. ਮੈਡਮ ਅਵਨੀਤ ਕੌਰ ਨੇ ਦੱਸਿਆ ਕਿ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |