ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ)-ਅਧਿਆਪਕ ਜਥੇਬੰਦੀ ਬੀ.ਐਡ ਅਧਿਆਪਕ ਫ਼ਰੰਟ ਪੰਜਾਬ ਜ਼ਿਲ੍ਹਾ ਮੋਗਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਅਧਿਆਪਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਮੋਗਾ ਤੋਂ ਮੰਗ ਕੀਤੀ ਕਿ ਸਰਦੀ ਦੇ ਚੱਲ ਰਹੇ ਮੌਸਮ ਨੂੰ ਦੇਖਦੇ ਹੋਏ ਸਾਰੀਆਂ ਚੋਣ ਡਿਊਟੀਆਂ ਮੁਲਾਜ਼ਮਾਂ ਦੇ ਸਬੰਧਿਤ ਬਲਾਕ ਦੇ ਅੰਦਰ ਲਗਾਈਆਂ ਜਾਣ ਤੇ ਬਲਾਕ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਕੀਤੇ ਜਾਣ ਕਿ ਚੋਣ ਸਮੱਗਰੀ ਦੇਣ ਤੇ ਜਮਾਂ ਕਰਾਉਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਮੁਲਾਜ਼ਮ ਸਾਥੀ ਚੋਣ ਸਮਗਰੀ ਜਮਾਂ ਕਰਾਉਣ ਤੋਂ ਬਾਅਦ ਸਮੇਂ ਸਿਰ ਆਪਣੇ ਸਥਾਨਾਂ ਉੱਪਰ ਸੁਰੱਖਿਅਤ ਪਹੁੰਚ ਸਕਣ | ਬੀ.ਐਡ ਅਧਿਆਪਕ ਫ਼ਰੰਟ ਪੰਜਾਬ ਦੇ ਸੂਬਾ ਆਗੂ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਵਿਧਵਾ, ਤਲਾਕਸ਼ੁਦਾ, ਛੋਟੇ ਬੱਚਿਆਂ ਤੇ ਗਰਭਵਤੀ ਮਹਿਲਾਵਾਂ, ਗੰਭੀਰ ਬਿਮਾਰੀਆਂ ਤੋਂ ਪੀੜਤ ਮੁਲਾਜ਼ਮਾਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ, ਔਰਤ ਮੁਲਾਜ਼ਮਾਂ ਤੇ ਪਰਖ ਕਾਲ ਅਧੀਨ ਮੁਲਾਜ਼ਮਾਂ ਦੀ ਡਿਊਟੀ ਪ੍ਰਜਾਈਡਿੰਗ ਅਫ਼ਸਰ ਵਜੋਂ ਨਾ ਲਗਾਈ ਜਾਵੇ, ਕਪਲ ਕੇਸ 'ਚ ਦੋਨਾਂ ਵਿਚੋਂ ਇਕ ਮੁਲਾਜ਼ਮ ਦੀ ਹੀ ਚੋਣ ਡਿਊਟੀ ਲਗਾਈ ਜਾਵੇ, ਚੋਣ ਅਮਲੇ ਨੂੰ ਇਕ ਦਿਨ ਦੀ ਰੈਸਟ ਵਜੋਂ ਅਗਲੇ ਵਰਕਿੰਗ ਦਿਨ ਲਈ ਛੁੱਟੀ ਦਾ ਐਲਾਨ ਕੀਤਾ ਜਾਵੇ | ਇਸ ਮੌਕੇ ਦਵਿੰਦਰ ਸਿੰਘ ਹਰਾਜ, ਪ੍ਰਦੀਪ ਸਿੰਘ ਰੱਖੜਾ, ਗੁਰਮੀਤ ਸਿੰਘ, ਜਗਦੀਪ ਸਿੰਘ, ਜੱਜਦੀਪ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ |