23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਪਾਵਰਕਾਮ ਇੰਜੀਨੀਅਰਾਂ ਵਲੋਂ ਰੋਸ ਰੈਲੀ

ਅਜੀਤ ਡੈਸਕ 08-11-2025
ਮੋਗਾ, 7 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਰੀਜ਼ਨ ਦੇ ਇੰਜੀਨੀਅਰਾਂ ਨੇ ਪਾਵਰਕਾਮ ਮੈਨੇਜਮੈਂਟ ਵਲੋਂ ਇੰਜ. ਹਰੀਸ਼ ਸ਼ਰਮਾ ਮੁੱਖ ਇੰਜੀਨੀਅਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੀ ਮੁਅੱਤਲੀ ਤੇ ਪੰਜਾਬ ਸਰਕਾਰ ਵਲੋਂ ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜ. ਹਰਜੀਤ ਸਿੰਘ ਨੂੰ ਹਟਾਉਣ ਦੇ ਢੰਗ-ਤਰੀਕੇ 'ਤੇ ਡੂੰਘੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਰੋਸ ਵਜੋਂ ਦੋ ਦਿਨ ਪਲਾਂਟ ਗੇਟ 'ਤੇ ਰੋਸ ਰੈਲੀਆਂ ਕੀਤੀਆਂ ਗਈਆਂ, ਜਿਸ ਵਿਚ ਥਰਮਲ ਪਲਾਂਟ ਵਿਖੇ ਤਾਇਨਾਤ ਸਮੂਹ ਇੰਜੀਨੀਅਰਾਂ ਨੇ ਭਾਗ ਲਿਆ ਤੇ ਮੈਨੇਜਮੈਂਟ ਵਲੋਂ ਜਿਸ ਤਰ੍ਹਾਂ ਬੇਬੁਨਿਆਦ ਤੇ ਗ਼ੈਰ ਤਕਨੀਕੀ ਤੱਥਾਂ ਦੇ ਆਧਾਰ 'ਤੇ ਉਪਰੋਕਤ ਦੋਵੇਂ ਇੰਜੀਨੀਅਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਬਾਰੇ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ | ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਦੀ ਲਹਿਰਾ ਮੁਹੱਬਤ ਇਕਾਈ ਦੇ ਖੇਤਰੀ ਸਕੱਤਰ ਇੰਜ. ਕੁਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਪਰੋਕਤ ਦੋਵੇਂ ਇੰਜੀਨੀਅਰਾਂ 'ਤੇ ਲਗਾਏ ਗਏ ਦੋਸ਼ ਜਿਸ ਵਿਚ ਲਗਭਗ 35-40 ਸਾਲ ਪਹਿਲਾਂ ਲੱਗੇ ਤੇ ਪੁਰਾਣੀ ਸਬ-ਕਿ੍ਟੀਕਲ ਤਕਨੀਕ 'ਤੇ ਆਧਾਰਿਤ ਥਰਮਲ ਪਲਾਂਟਾਂ ਦਾ ਨਵੀਨਤਮ ਸੁਪਰ ਕਿ੍ਟੀਕਲ ਤਕਨੀਕ ਵਾਲੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਤੁਲਨਾ ਕਰਦੇ ਹੋਏ ਸਰਕਾਰੀ ਥਰਮਲ ਪਲਾਂਟਾਂ ਵਿਚ ਫਿਊਲ ਕਾਸਟ (ਕੋਲੇ ਦਾ ਖ਼ਰਚਾ) 0.75 ਰੁਪਏ ਤੋਂ 1.25 ਰੁਪਏ ਪ੍ਰਤੀ ਯੂਨਿਟ ਰੇਟ ਜ਼ਿਆਦਾ ਹੋਣ ਦਾ ਬੇਬੁਨਿਆਦ ਦੋਸ਼ ਲਗਾਇਆ ਗਿਆ ਹੈ | ਰੈਲੀ ਦੌਰਾਨ ਸਮੂਹ ਇੰਜੀਨੀਅਰਾਂ ਨੇ ਪ੍ਰਣ ਕੀਤਾ ਕਿ ਮੈਨੇਜਮੈਂਟ ਅਤੇ ਸਰਕਾਰ ਵਲੋਂ ਇੰਜੀਨੀਅਰਾਂ ਵਿਚ ਡਰ ਅਤੇ ਸਹਿਮ ਪੈਦਾ ਕਰਨ ਲਈ ਅਪਣਾਏ ਜਾ ਰਹੇ ਹੱਥਕੰਡਿਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਤੇ ਜੇਕਰ ਸਰਕਾਰ ਵਲੋਂ ਪਾਵਰਕਾਮ ਦੀਆਂ ਜਾਇਦਾਦਾਂ ਨੂੰ ਵੇਚਣ, ਮਹਿਕਮੇ ਦੀ ਖ਼ੁਦਮੁਖ਼ਤਿਆਰੀ ਨੂੰ ਢਾਹ ਲਾਉਣ ਲਈ ਜਾਰੀ ਬੇਲੋੜੀ ਰਾਜਨੀਤਕ ਦਖ਼ਲ-ਅੰਦਾਜ਼ੀ ਅਤੇ ਲੁਕਵੇਂ ਏਜੰਡੇ ਲਾਗੂ ਕਰਨ ਦੀ ਕੋਸ਼ਿਸ਼ ਤੁਰੰਤ ਬੰਦ ਨਹੀਂ ਕੀਤੀ ਜਾਂਦੀ ਤਾਂ ਇਸ ਦੇ ਜਵਾਬ 'ਚ ਪੀ.ਐਸ.ਈ.ਬੀ. ਇੰਜੀਨੀਅਰ ਐਸੋਸੀਏਸ਼ਨ ਦੀ ਕੇਂਦਰੀ ਕਾਰਜਕਾਰਨੀ ਵਲੋਂ ਭਵਿੱਖ ਵਿਚ ਦਿੱਤੇ ਜਾਣ ਵਾਲੇ ਸੰਘਰਸ਼ ਦੇ ਪ੍ਰੋਗਰਾਮ 'ਚ ਪੂਰੇ ਜ਼ੋਰਦਾਰ ਢੰਗ ਨਾਲ ਸ਼ਮੂਲੀਅਤ ਕੀਤੀ ਜਾਵੇਗੀ |
ਪਿਛਲੀ ਖ਼ਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਵੀਂ ਵਾਰ ਚੋਣ ਜਿੱਤ ਕੇ ਰਚਿਆ ਇਤਿਹਾਸ-ਸਨੀ ਗਿੱਲ ਅਗਲੀ ਖ਼ਬਰ ਚੇਅਰਮੈਨ ਦਵਿੰਦਰਪਾਲ ਸਿੰਘ ਨੇ ਕੀਤਾ ਰੈਜਿਨਾ ਪਾਰਲੀਮੈਂਟ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।