25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਕੂਲਾਂ ਦੀਆਂ ਗਰਾਂਟਾਂ, ਵਰਦੀਆਂ ਅਤੇ ਸਫ਼ਾਈ ਸੇਵਕਾਂ ਦੀ ਤਨਖ਼ਾਹ ਲੰਬੇ ਸਮੇਂ ਤੋਂ ਲਟਕੀ

ਅਜੀਤ ਡੈਸਕ 19-10-2025
ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)-ਸਿੱਖਿਆ ਵਿਭਾਗ ਦੇ ਵਿੱਤੀ ਕੰਮਾਂ ਦਾ ਤਾਣਾ ਬਾਣਾ ਬੁਰੀ ਤਰ੍ਹਾਂ ਉਲਝ ਗਿਆ ਹੈ | ਸਰਕਾਰ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ | ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਅਤੇ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਐਸ.ਐਮ.ਸੀ. ਰਾਹੀਂ ਮਹਿਜ਼ ਤਿੰਨ ਹਜ਼ਾਰ ਦੀ ਨਿਗੂਣੀ ਤਨਖ਼ਾਹ 'ਤੇ ਰੱਖੇ ਸਫ਼ਾਈ ਸੇਵਕ ਪਿਛਲੇ ਛੇ-ਛੇ ਮਹੀਨੇ ਤੋਂ ਤਨਖ਼ਾਹ ਲੈਣ ਲਈ ਤਰਸ ਰਹੇ ਹਨ ਪਰ ਵਿਭਾਗ ਕੋਈ ਹੱਥ-ਪੱਲਾ ਨਹੀਂ ਫੜਾ ਰਿਹਾ | ਇਸੇ ਤਰ੍ਹਾਂ ਅਧਿਆਪਕਾਂ ਨੇ ਸਕੂਲਾਂ ਦੇ ਵੱਖ-ਵੱਖ ਕੰਮ ਜਿਵੇਂ ਕਮਰੇ, ਚਾਰ ਦੀਵਾਰੀਆਂ ਅਤੇ ਬਾਥਰੂਮ ਦੀ ਉਸਾਰੀ ਦੁਕਾਨਦਾਰਾਂ ਤੋਂ ਉਧਾਰ ਸਮਾਨ ਚੁੱਕ ਕੇ ਕਰ ਲਈ ਪਰ ਇਨ੍ਹਾਂ ਗਰਾਂਟਾਂ ਦਾ ਵੱਡਾ ਹਿੱਸਾ ਸਰਕਾਰ ਵਲੋਂ ਸਕੂਲਾਂ ਨੂੰ ਨਹੀਂ ਭੇਜਿਆ ਗਿਆ | ਅਧਿਆਪਕ ਪਿਛਲੇ ਸਾਲ ਤੋਂ ਇਹ ਗਰਾਂਟਾਂ ਉਡੀਕ ਰਹੇ ਹਨ ਅਤੇ ਦੁਕਾਨਦਾਰ ਆਪਣੀਆਂ ਪੇਮੈਂਟਾਂ ਲੈਣ ਲਈ ਸਕੂਲਾਂ ਦੇ ਚੱਕਰ ਕੱਟ ਰਹੇ ਹਨ | ਇਸੇ ਤਰਾਂ ਹੀ ਵਰਦੀਆਂ ਦੇ ਬਿੱਲ ਜਮਾਂ ਕਰਵਾਏ ਤਿੰਨ ਚਾਰ ਮਹੀਨੇ ਬੀਤ ਗਏ ਹਨ ਪਰ ਉਸ ਦੀ ਵੀ ਪੇਮੈਂਟ ਅਜੇ ਤੱਕ ਨਹੀਂ ਆਈ ਤੇ ਵਰਦੀਆਂ ਦੇਣ ਵਾਲੇ ਦੁਕਾਨਦਾਰ ਅਗਲੇ ਸਾਲ ਤੋਂ ਵਰਦੀਆਂ ਦੇਣ ਲਈ ਹੱਥ ਖੜੇ ਕਰ ਰਹੇ ਹਨ | ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈੱਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਸਿੰਘ ਬਹਿਣੀਵਾਲ ਮੰਗ ਕੀਤੀ ਕਿ ਵਿਭਾਗ ਦੇ ਸਭ ਤੋਂ ਵੱਧ ਸ਼ੋਸ਼ਿਤ ਕਾਮੇ ਸਫ਼ਾਈ ਸੇਵਕਾਂ ਦੀ ਤਨਖ਼ਾਹ ਤੁਰੰਤ ਪਾਈ ਜਾਵੇ ਤਾਂ ਜੋ ਉਹ ਤਿਉਹਾਰਾਂ ਦੇ ਦਿਨਾਂ 'ਚ ਆਪਣਾ ਗੁਜ਼ਾਰਾ ਕਰ ਸਕਣ | ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਸਕੂਲਾਂ ਦੇ ਖਾਤਿਆਂ ਵਿਚ ਗਰਾਂਟਾਂ ਪਾਇਆ ਕਰੇ ਤਾਂ ਜੋ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ ਮਹਿੰਗਾਈ ਭੱਤਾ ਕੇਂਦਰ ਦੇ ਮੁਲਾਜ਼ਮਾਂ ਦੇ ਬਰਾਬਰ 58 ਫ਼ੀਸਦੀ ਕੀਤਾ ਜਾਵੇ-ਸੁਰਿੰਦਰ ਕੁਮਾਰ ਸ਼ਰਮਾ <br/> ਅਗਲੀ ਖ਼ਬਰ ਸਿਵਲ ਸੁਸਾਇਟੀ ਮੋਗਾ ਨੇ ਕੱਢੀ ਇਨਸਾਫ਼ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।