ਬਾਘਾ ਪੁਰਾਣਾ, 31 ਅਗਸਤ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਅੰਦਰ ਵਿਸਾਈ ਗਈ ਸੀਵਰੇਜ ਦੀ ਪਾਈਪ ਲਾਈਨ ਦਿਨੋ ਦਿਨ ਸ਼ਹਿਰ ਵਾਸੀਆਂ ਲਈ ਮੌਤ ਦਾ ਕਾਰਨ ਬਣ ਸਕਦੀਆਂ ਹਨ, ਜਿਸ ਵੱਲ ਸਮੇਂ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਕੌਂਸਲ ਅਧਿਕਾਰੀਆਂ ਦਾ ਉੱਕਾ ਵੀ ਧਿਆਨ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਅੰਦਰ ਮੌਜੂਦਾ ਸੱਤਾਧਾਰੀ ਪਾਰਟੀ ਵਿਰੁੱਧ ਉਨ੍ਹਾਂ ਦੇ ਮਨਾਂ ਅੰਦਰ ਰੋਸ ਪਾਇਆ ਜਾ ਰਿਹਾ | ਇੱਥੇ ਦੱਸਣਯੋਗ ਹੈ ਕਿ ਜਦੋਂ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਸਮੇਂ ਦੀ ਨਗਰ ਕੌਂਸਲ ਕਮੇਟੀ ਬਾਘਾ ਪੁਰਾਣਾ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਾਘਾ ਪੁਰਾਣਾ ਸ਼ਹਿਰ ਅੰਦਰ ਸੀਵਰੇਜ ਦੀ ਪਾਈਪ ਲਾਈਨ ਵਸਾਈ ਗਈ ਸੀ ਅਤੇ ਉਸ ਸਮੇਂ ਸ਼ਹਿਰ ਨੂੰ ਸੀਵਰੇਜ ਪਾਉਣ ਲਈ ਪੂਰੀ ਤਰਾਂ ਖ਼ੁਰਦ ਬੁਰਦ ਕਰ ਦਿੱਤਾ ਗਿਆ ਸੀ ਉਸ ਸਮੇਂ ਲੰਮਾ ਸਮਾਂ ਬਾਘਾ ਪੁਰਾਣਾ ਵਾਸੀਆਂ ਨੂੰ ਸੰਤਾਪ ਭੋਗਣਾ ਪਿਆ ਸੀ ਪਰ ਲੋਕਾਂ ਨੂੰ ਆਸ ਸੀ ਕਿ ਜੇਕਰ ਅਸੀਂ ਅੱਜ ਸਮੱਸਿਆ ਨਾਲ ਜੂਝ ਰਹੇ ਹਾਂ ਤਾਂ ਸੀਵਰੇਜ ਚੱਲਣ ਦੇ ਬਾਅਦ ਉਨ੍ਹਾਂ ਨੂੰ ਵੱਡੀ ਸਹੂਲਤ ਮਿਲੇਗੀ | ਪ੍ਰੰਤੂ ਲਗਭਗ 15 ਸਾਲ ਲੰਘ ਜਾਣ ਦੇ ਬਾਅਦ ਵੀ ਬਾਘਾ ਪੁਰਾਣਾ ਸ਼ਹਿਰ ਵਾਸੀਆਂ ਨੂੰ ਅੱਜ ਤੱਕ ਸੀਵਰੇਜ ਦੀ ਸਹੂਲਤ ਨਸੀਬ ਨਹੀਂ ਹੋਈ, ਜਿੱਥੇ-ਜਿੱਥੇ ਵੀ ਉਸ ਸਮੇਂ ਸੀਵਰੇਜ ਦੀ ਪਾਈਪ ਲਾਈਨ ਪਾਈ ਗਈ ਸੀ ਉਹ ਜਗ੍ਹਾ ਧਸਦੀ ਜਾ ਰਹੀ ਹੈ ਤੇ ਰਾਹਗੀਰਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਲਈ ਵੀ ਇਹ ਵੱਡੀ ਸਮੱਸਿਆ ਬਣੀ ਹੋਈ ਹੈ ਕਿਉਂਕਿ ਕਿਸੇ ਵੇਲੇ ਵੀ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ | ਇੱਥੇ ਇਹ ਜ਼ਿਕਰਯੋਗ ਹੈ ਕਿ ਲਗਭਗ 15 ਸਾਲ ਦਾ ਸਮਾਂ ਲੰਘ ਜਾਣ ਦੇ ਬਾਅਦ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਾਣ ਦੇ ਬਾਅਦ ਪੰਜ ਸਾਲ ਕਾਂਗਰਸ ਪਾਰਟੀ ਵੀ ਰਹੀ ਅਤੇ ਹੁਣ ਮੌਜੂਦਾ ਸੱਤਾਧਾਰੀ ਆਪ ਪਾਰਟੀ ਦੇ ਲਗਭਗ ਚਾਰ ਸਾਲ ਦੇ ਕਰੀਬ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਅਤੇ ਨਾ ਹੀ ਮੌਜੂਦਾ ਨਗਰ ਕੌਂਸਲ ਵਲੋਂ ਇਸ ਦੇ ਹੱਲ ਲਈ ਧਿਆਨ ਦਿੱਤਾ ਜਾ ਰਿਹਾ ਹੈ, ਇਸ ਕਰਕੇ ਸ਼ਹਿਰ ਵਾਸੀ ਹਲਕਾ ਬਾਘਾ ਪੁਰਾਣਾ ਦੇ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਆਗੂਆਂ ਨੂੰ ਫ਼ੇਲ੍ਹ ਦੱਸ ਰਹੇ ਹਨ | ਉਨ੍ਹਾਂ ਕਿਹਾ ਕਿ ਜੋ ਪਾਈਪ ਲਾਈਨ ਜ਼ਮੀਨ ਅੰਦਰ ਸੀਵਰੇਜ ਲਈ ਪਾਈ ਗਈ ਹੈ, ਉਸ ਵਿਚ ਮੀਹਾਂ ਦਾ ਪਾਣੀ ਪੈਣ ਕਰਕੇ ਉਹ ਪੂਰੀ ਤਰ੍ਹਾਂ ਓਵਰਫ਼ਲੋ ਹੋ ਚੁੱਕੀਆਂ ਹਨ ਅਤੇ ਪਾਈਪਾਂ ਲਿੰਕ ਹੋਣ ਕਾਰਨ ਸੜਕਾਂ ਧਸ ਰਹੀਆਂ ਹਨ ਜਿਸ ਦਾ ਨੁਕਸਾਨ ਸ਼ਹਿਰ ਵਾਸੀਆਂ ਨੂੰ ਵੀ ਹੋ ਰਿਹਾ ਹੈ, ਜੇਕਰ ਸਮਾਂ ਰਹਿੰਦੇ ਹਲਕਾ ਵਿਧਾਇਕ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਕੌਂਸਲ ਦੀ ਹੋਵੇਗੀ |