ਮੋਗਾ, 31 ਅਗਸਤ (ਸੁਰਿੰਦਰਪਾਲ ਸਿੰਘ)-ਪਿਛਲੇ ਤਕਰੀਬਨ ਦੋ ਹਫ਼ਤਿਆਂ ਤੋਂ ਪੰਜਾਬ ਵਿਚ ਪੈ ਰਹੀ ਬਾਰਸ਼, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਬੱਦਲ ਫਟਣ ਕਾਰਨ ਪਹਾੜਾਂ ਵਿਚੋਂ ਪਾਣੀ ਬਿਆਸ ਅਤੇ ਸਤਲੁਜ ਦਰਿਆ ਰਾਹੀਂ ਪੰਜਾਬ ਵਿਚ ਦਾਖ਼ਲ ਹੋਇਆ ਜਿਸ ਨਾਲ ਪੰਜਾਬ ਦੇ ਅੱਧੀ ਦਰਜਨ ਤੋਂ ਜ਼ਿਆਦਾ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ | ਇਸ ਕਰ ਕੇ ਕੇਂਦਰ ਸਰਕਾਰ ਪੰਜਾਬ ਵਿਚ ਹੜ੍ਹਾਂ ਕਾਰਨ ਹੋਈ ਬਰਬਾਦੀ ਨੂੰ ਕੌਮੀ ਆਫ਼ਤ ਐਲਾਨ ਕਰੇ ਅਤੇ ਪੰਜਾਬ ਦੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਵਾਸਤੇ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਤੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਅਤੇ ਜ਼ਿਲ੍ਹਾ ਮੀਡੀਆ ਸੈਕਟਰੀ ਅੰਮਿ੍ਤਪਾਲ ਸਿੰਘ ਖ਼ਾਲਸਾ ਦੀਨਾ ਸਾਹਿਬ ਨੇ ਸਾਂਝੇ ਰੂਪ ਵਿਚ ਕੀਤਾ | ਆਪ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਕਿਤੇ ਗੁਜਰਾਤ ਵਰਗੇ ਰਾਜ ਵਿਚ ਕੋਈ ਆਫ਼ਤ ਆ ਜਾਂਦੀ ਹੈ ਉਦੋਂ ਤਾਂ ਝੱਟ ਹੀ ਮੁਆਵਜ਼ੇ ਜਾਰੀ ਕਰ ਦਿੱਤੇ ਜਾਂਦੇ ਹਨ ਪਰ ਪੰਜਾਬ ਨਾਲ ਪਤਾ ਨਹੀਂ ਕਿਉਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ | ਹਾਲੇ ਤੱਕ ਪੰਜਾਬ ਵਿਚ ਆਈ ਕੁਦਰਤੀ ਆਫ਼ਤ ਨੂੰ ਨਾ ਤਾਂ ਕੌਮੀ ਆਫ਼ਤ ਐਲਾਨਿਆ ਹੈ ਅਤੇ ਨਾ ਹੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਿਸੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਜਦ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜਿੱਥੇ ਸਰਕਾਰ ਵਲੋਂ ਹਰ ਸੰਭਵ ਯਤਨ ਕਰ ਰਹੇ ਹਨ ਉੱਥੇ ਹੀ ਉਨ੍ਹਾਂ ਆਪਣੇ ਸਾਰੇ ਕੈਬਨਿਟ ਦੇ ਸਾਥੀਆਂ, ਸਾਰੇ ਹੀ ਐਮ. ਐਲ. ਏ. ਸਾਹਿਬਾਨ, ਸਾਰੇ ਹੀ ਚੇਅਰਮੈਨ ਸਾਹਿਬਾਨ, ਪਾਰਟੀ ਅਹੁਦੇਦਾਰਾਂ ਦੀ ਡਿਊਟੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲਗਾਈ ਹੈ ਤਾਂ ਕਿ ਹੜ੍ਹਾਂ ਤੋਂ ਪ੍ਰਭਾਵਿਤ ਸਾਡੇ ਭਰਾਵਾਂ ਦੀ ਬਾਂਹ ਫੜੀ ਜਾ ਸਕੇ | ਇਸ ਸਮੇਂ ਸੰਗਠਨ ਇੰਚਾਰਜ ਅਤੇ ਮੈਂਬਰ ਪਲੈਨਿੰਗ ਬੋਰਡ ਦਵਿੰਦਰ ਸਿੰਘ ਤਖ਼ਤੂਪੁਰਾ, ਯੂਥ ਵਿੰਗ ਦੇ ਹਲਕਾ ਕੋਆਰਡੀਨੇਟਰ ਸਰਪੰਚ ਦਰਸ਼ਵੀਰ ਸਿੰਘ ਢੁੱਡੀਕੇ, ਸਿੱਖਿਆ ਕੋਆਰਡੀਨੇਟਰ ਜਸਦੀਪ ਸਿੰਘ ਗੈਰੀ, ਸਰਪੰਚ ਹਰਦੀਪ ਸਿੰਘ ਤਖ਼ਤੂਪੁਰਾ, ਸੁਰਜੀਤ ਸਿੰਘ ਰਣਸੀਂਹ ਖ਼ੁਰਦ, ਬਲਵੀਰ ਸਿੰਘ ਮਧੇਕੇ ਆਦਿ ਹਾਜ਼ਰ ਸਨ |