ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਅਤੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਲਈ ਪੰਜਾਬ ਦੇ ਪਿੰਡਾਂ 'ਚ ਸ਼ਾਨਦਾਰ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਇਤਿਹਾਸਕ ਪਿੰਡ ਦੀਨਾ ਸਾਹਿਬ ਵਿਚ ਲਾਇਬ੍ਰੇਰੀ ਦਾ ਉਦਘਾਟਨ ਕੀਤਾ | ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਕਿਤਾਬਾਂ ਪੜ੍ਹਨੀਆਂ ਇਨਸਾਨ ਲਈ ਬਹੁਤ ਜ਼ਰੂਰੀ ਹਨ | ਕਿਤਾਬਾਂ ਜਿਥੇ ਇਨਸਾਨ ਦੇ ਗਿਆਨ 'ਚ ਵਾਧਾ ਕਰਦੀਆਂ ਹਨ ਉੱਥੇ ਹੀ ਮਨੁੱਖ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਬਹੁਤ ਸਹਾਈ ਹੁੰਦੀਆਂ ਹਨ | ਪਿੰਡ ਦੀਨਾ ਸਾਹਿਬ ਦਾ ਜ਼ਿਕਰ ਕਰਦਿਆਂ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਦੀਨਾ ਸਾਹਿਬ ਦਾ ਨਾਂਅ ਵੱਡੇ ਇਤਿਹਾਸ ਨਾਲ ਜੁੜਿਆ ਹੋਇਆ ਹੈ | ਇਸ ਕਰ ਕੇ ਅਸੀਂ ਵੀ ਇਸ ਧਰਤੀ ਨੂੰ ਨਤਮਸਤਕ ਕਰਦੇ ਹਾਂ | ਦੀਨਾ ਸਾਹਿਬ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ 7 ਲੱਖ ਰੁਪਏ ਦੀ ਲਾਗਤ ਨਾਲ ਇਹ ਲਾਇਬ੍ਰੇਰੀ ਪੰਜਾਬ ਸਰਕਾਰ ਵਲੋਂ ਨਗਰ ਨੂੰ ਸਮਰਪਿਤ ਕੀਤੀ ਗਈ ਹੈ ਉੱਥੇ ਹੀ ਆਉਣ ਵਾਲੇ ਦਿਨਾਂ 'ਚ ਇਕ ਸੀਵਰ ਸਫ਼ਾਈ ਵਾਲੀ ਮਸ਼ੀਨ, ਓਪਨ ਅਤੇ ਇੰਨਡੋਰ ਜਿੰਮ ਅਸੀਂ ਪਿੰਡ ਦੀਨਾ ਸਾਹਿਬ ਨੂੰ ਦਿਆਂਗੇ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਮੀਡੀਆ ਸੈਕਟਰੀ ਅੰਮਿ੍ਤਪਾਲ ਸਿੰਘ ਖ਼ਾਲਸਾ ਨੇ ਵਿਧਾਇਕ ਬਿਲਾਸਪੁਰ ਦੇ ਨਾਲ ਆਏ ਜ਼ਿਲ੍ਹਾ ਪ੍ਰਧਾਨ ਤੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ, ਮਾਰਕੀਟ ਕਮੇਟੀ ਅਜੀਤਵਾਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਦੋਕੇ ਨੂੰ ਜੀ ਆਇਆਂ ਕਿਹਾ | ਇਸ ਮੌਕੇ ਸਕੂਲ ਦੀਆਂ ਬੱਚੀਆਂ ਪਵਨਜੋਤ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਕਿਤਾਬਾਂ ਦੇ ਵਿਸ਼ੇ 'ਤੇ ਭਾਸ਼ਨ ਵੀ ਦਿੱਤਾ | ਪਿੰਡ ਦੀ ਪੰਚਾਇਤ ਤੇ ਪਾਰਟੀ ਆਗੂਆਂ ਵਲੋਂ ਵਿਧਾਇਕ ਬਿਲਾਸਪੁਰ ਤੇ ਚੇਅਰਮੈਨ ਨੂੰ ਲੋਈਆਂ ਦੇ ਕੇ ਸਨਮਾਨਿਤ ਵੀ ਕੀਤਾ | ਇਸ ਸਮੇਂ ਸਰਪੰਚ ਰਣਜੀਤ ਸਿੰਘ, ਸੁਖਵਿੰਦਰ ਸਿੰਘ ਬਰਾੜ, ਮੇਜਰ ਸਿੰਘ, ਅਮਨਦੀਪ ਸਿੰਘ, ਜਗਰਾਜ ਸਿੰਘ, ਸਤਪਾਲ ਸਿੰਘ, ਦੇਬੀ ਸਿੰਘ ਸਾਰੇ ਪੰਚ, ਅਜਾਇਬ ਸਿੰਘ ਮਾਸਟਰ, ਨਵਪ੍ਰੀਤ ਸਿੰਘ ਨੰਬਰਦਾਰ, ਜਸਵੰਤ ਸਿੰਘ ਸੈਕਟਰੀ, ਮਾਸਟਰ ਸੁਦਾਗਰ ਸਿੰਘ, ਥਾਣਾ ਬੱਧਨੀ ਕਲਾਂ ਦੇ ਮੁਖੀ ਗੁਰਤੇਜ ਸਿੰਘ, ਚੌਕੀ ਦੀਨਾ ਸਾਹਿਬ ਦੇ ਇੰਚਾਰਜ ਰਣਜੀਤ ਸਿੰਘ, ਸੁਖਜੀਤ ਸਿੰਘ ਧਾਲੀਵਾਲ, ਨਾਜ਼ਰ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ |