ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਪਿੰਡ ਡਰੋਲੀ ਭਾਈ ਵਿਖੇ ਸਕੂਲ ਮੁਖੀ ਮਨਪ੍ਰੀਤ ਕੌਰ ਦੀ ਅਗਵਾਈ 'ਚ ਚੱਲ ਰਹੇ ਸੁਤੰਤਰਤਾ ਸੰਗਰਾਮੀ ਰਣਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਲੜਕੇ ਵਿਖੇ ਸਰਪੰਚ ਕੁਲਦੀਪ ਸਿੰਘ ਸੰਘਾ ਤੇ ਗੁਰਮੀਤ ਸਿੰਘ ਫ਼ੌਜੀ ਦੀ ਅਗਵਾਈ 'ਚ ਦਾਨੀ ਸੱਜਣਾਂ ਵਲੋਂ ਮੈਥ ਵਿਸ਼ੇ ਤੇ ਪੰਜਾਬੀ ਵਿਸ਼ੇ ਨੂੰ ਪ੍ਰਫੁੱਲਿਤ ਕਰਨ ਲਈ ਡਰੋਲੀ ਭਾਈ ਦੇ ਤਿੰਨ ਸਕੂਲਾਂ ਦੇ ਚੁਣੇ ਗਏ ਟੋਪਰਜ਼ ਨੂੰ ਨਕਦ ਇਨਾਮ ਤੇ ਵੇਰਕਾ ਦੀ ਕਿੱਟ ਨਾਲ ਸਨਮਾਨਿਤ ਕੀਤਾ | ਡਾ. ਦੀਪਕ ਸ਼ਰਮਾ ਨੇ ਦੱਸਿਆ ਕਿ ਸਵ: ਕੈਪਟਨ ਪਿਆਰਾ ਸਿੰਘ ਤੇ ਸਵ: ਚਰਨਜੀਤ ਕੌਰ ਦੀ ਯਾਦ 'ਚ ਉਨ੍ਹਾਂ ਦੇ ਸਪੁੱਤਰ ਹਰਵਿੰਦਰ ਸਿੰਘ ਕੈਨੇਡਾ ਵਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 7 ਹਜ਼ਾਰ ਰੁਪਏ ਤੇ ਦੂਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ 3 ਹਜ਼ਾਰ ਦੇ ਨਕਦ ਇਨਾਮ ਅਤੇ ਦੇਸੀ ਘਿਉ ਨਾਲ ਸਨਮਾਨਿਤ ਕਰ ਕੇ ਵਿਦਿਆਰਥੀਆਂ ਨੂੰ ਹੋਰ ਪੜ੍ਹਨ ਲਈ ਉਤਸ਼ਾਹਿਤ ਕਰਨ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਰਿਹਾ ਹੈ | ਪ੍ਰੋਗਰਾਮ ਅਫ਼ਸਰ ਡਾ. ਦੀਪਕ ਸ਼ਰਮਾ ਦੀ ਅਗਵਾਈ 'ਚ ਚੱਲ ਰਹੇ ਐਨ. ਐਸ. ਐਸ. ਯੂਨਿਟ ਦੇ ਵਲੰਟੀਅਰਾਂ ਨੂੰ ਸਟੇਟ ਪੱਧਰ ਦੇ ਐਡਵੈਂਚਰਸ ਕੈਂਪ 'ਚ ਹਿੱਸਾ ਲੈਣ ਉਪਰੰਤ ਪਿੰਡ ਪੁੱਜਣ 'ਤੇ ਸਕੂਲ ਸਟਾਫ਼ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਨਮਾਨਿਤ ਕੀਤਾ | ਸਰਪੰਚ ਕੁਲਦੀਪ ਸਿੰਘ ਸੰਘਾ ਵਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਜਿਹੜਾ ਵਿਦਿਆਰਥੀ ਵੀ ਜ਼ਿਲ੍ਹਾ ਪੱਧਰ, ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੱਕ ਆਪਣੀ ਮਿਹਨਤ ਕਰ ਕੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕਰੇਗਾ, ਉਸ ਨੂੰ ਨਕਦ ਇਨਾਮ ਨਾਲ ਦਾਨੀ ਸੱਜਣਾਂ ਵਲੋਂ ਸਨਮਾਨਿਤ ਕੀਤਾ ਜਾਵੇਗਾ | ਸਕੂਲ ਮੁਖੀ ਮਨਪ੍ਰੀਤ ਕੌਰ, ਦੀਪਕ ਮਿੱਤਲ, ਡਾ. ਦੀਪਕ ਸ਼ਰਮਾ, ਸਰਪੰਚ ਡਰੋਲੀ ਭਾਈ ਕੁਲਦੀਪ ਸਿੰਘ ਸੰਘਾ ਤੋਂ ਇਲਾਵਾ ਗੁਰਮੀਤ ਸਿੰਘ ਫ਼ੌਜੀ, ਰਵਿੰਦਰ ਸਿੰਘ ਸੰਘਾ, ਜਸਵਿੰਦਰ ਸਿੰਘ, ਸੁਖਜੀਤ ਸਿੰਘ, ਇੰਦਰਪ੍ਰੀਤ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਮਨਵੀਰ ਸਿੰਘ, ਜਗਦੀਪ ਸਿੰਘ ਤੇ ਸਕੂਲ ਸਟਾਫ਼ ਦੇ ਮੈਂਬਰ ਹਾਜ਼ਰ ਸਨ |