ਨੱਥੂਵਾਲਾ ਗਰਬੀ, 20 ਜੁਲਾਈ (ਨਵਦੀਪ ਸਿੰਘ)-ਪਿਛਲੇ ਕੁਝ ਦਿਨਾਂ ਵਿਚ ਹਲਕਾ ਵਿਧਾਇਕ ਸੁਖਾਨੰਦ ਵਲੋਂ ਬਾਘਾ ਪੁਰਾਣਾ ਹਲਕੇ 'ਚ 46 ਪਿੰਡਾਂ ਨੂੰ ਖੇਡ ਸਟੇਡੀਅਮ ਬਣਾਉਣ ਵਾਸਤੇ ਗਰਾਂਟਾਂ ਦਾ ਐਲਾਨ ਕੀਤਾ, ਪਰ ਬਾਕੀ 25 ਪਿੰਡਾ ਨੂੰ ਕੁਝ ਨਹੀਂ ਦਿੱਤਾ | ਇਸ ਗੱਲ ਦੀ ਨਿੰਦਾ ਕਰਦੇ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਸ਼ਮੀਰਾ ਸਿੰਘ ਭੇਖਾ ਨੇ ਕਿਹਾ ਕਿ ਹਲਕਾ ਵਿਧਾਇਕ ਨੇ 10 ਕਰੋੜ ਦੀਆਂ ਖੇਡ ਸਟੇਡੀਅਮ ਦੀਆਂ ਗਰਾਂਟਾਂ ਜਾਰੀ ਕਰਕੇ ਕੁੱਝ ਪਿੰਡਾਂ ਨੂੰ ਅੱਖੋਂ ਪਰੋਖੇ ਕੀਤਾ ਹੈ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨੇ ਉਨ੍ਹਾਂ ਪਿੰਡਾ ਨੂੰ ਫ਼ੰਡ ਦਿੱਤੇ ਹਨ ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚ ਹਨ ਬਾਕੀ ਸਰਪੰਚਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ | ਭੇਖਾ ਨੇ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ ਹੈ | ਪੰਜਾਬ ਵਿਚ ਹਰ ਵਰਗ ਦੁਖੀ ਹੈ, ਸਰਕਾਰ ਸਿਰਫ਼ ਬਿਆਨਾਂ ਨਾਲ ਵਿਕਾਸ ਕਰ ਰਹੀ ਹੈ, ਇਸ ਸਰਕਾਰ ਨੇ ਅਕਾਲੀ ਸਰਕਾਰ ਤੇ ਕਾਂਗਰਸ ਸਰਕਾਰ ਨੂੰ ਚੰਗਾ ਕਹਿਣ ਲਈ ਆਮ ਲੋਕਾਂ ਨੂੰ ਮਜਬੂਰ ਕੀਤਾ ਹੈ |